ਨਗਰ ਕੀਰਤਨ ਵਿੱਚ ਸੰਗਤਾਂ ਦੇ ਲਈ ਥਾਂ-ਥਾਂ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਰਾਜਪੁਰਾ,28 ਮਈ(ਹਿਮਾਂਸ਼ੂ ਹੈਰੀ):ਇਥੋਂ ਦੇ ਗੁਰਦੁਆਰਾ ਸ੍ਰੀ ਗੁਰੂ ਸੁਖਮਨੀ ਸੇਵਾ ਸੁਸਾਇਟੀ ਵਿਖੇ ਪ੍ਰਧਾਨ ਚਰਨਜੀਤ ਸਿੰਘ ਦੀ ਦੇਖ-ਰੇਖ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਕੱਢਿਆ ਗਿਆ ਹੈ।ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਨੂੰ ਫੁੱਲਾਂ ਦੇ ਨਾਲ ਸਜਾਇਆ ਹੋਇਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਚਰਨਜੀਤ ਸਿੰਘ ਭਤੇੜੀ ਤੇ ਰਮਨਦੀਪ ਸਿੰਘ ਨੰਦਾ ਨੇ ਦੱਸਿਆ ਕਿ ਅੱਜ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸੁਖਮਨੀ ਸੇਵਾ ਸੋਸਾਇਟੀ ਤੋਂ ਆਰੰਭ ਹੋ ਕੇ ਪੁਰਾਣਾ ਰਾਜਪੁਰਾ, ਲੱਕੜ ਮੰਡੀ ਚੋਂਕ, ਟਾਹਲੀ ਵਾਲਾ ਚੌਂਕ, ਗੁਰਦੁਆਰਾ ਸਿੰਘ ਸਭਾ ਗੁਰਦੁਆਰਾ,ਜਾਪ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਸੁਖਮਨੀ ਸਾਹਿਬ ਵਿਖੇ ਸਮਾਪਤ ਹੋਇਆ ਹੈ।ਨਗਰ ਕੀਰਤਨ ਦੇ ਵਿੱਚ ਸੰਗਤਾਂ ਦੇ ਲਈ ਥਾਂ-ਥਾਂ ਦੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਹੋਈ ਸੀ।ਉਹਨਾਂ ਦੱਸਿਆ ਕਿ ਨਗਰ ਕੀਰਤਨ ਦੇ ਵਿੱਚ ਗਤਕਾ ਪਾਰਟੀ ਦੇ ਜਥੇਬੰਦੀਆਂ ਵੱਲੋਂ ਜੌਹਰ ਦਿਖਾਏ ਗਏ ਅਤੇ ਸੰਗਤਾਂ ਪਾਲਕੀ ਸਾਹਿਬ ਦੇ ਪਿਛਲੇ ਪਾਸੇ ਸਤਿਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ। ਉਹਨਾਂ ਕਿਹਾ ਕਿ 30 ਮਈ ਨੂੰ ਗੁਰਦੁਆਰਾ ਸੁਖਮਨੀ ਸਾਹਿਬ ਵਿਖੇ ਮਹਾਨ ਕੀਰਤਨ ਦਰਬਾਰ ਵੀ ਸਜਾਇਆ ਜਾਵੇਗਾ। ਜਿਸ ਵਿੱਚ ਪੰਥ ਪ੍ਰਸਿੱਧ ਪੰਥ ਪ੍ਰਚਾਰਕ ਰਾਗੀ ਢਾਡੀ ਸੰਗਤਾਂ ਨੂੰ ਕਥਾ ਕੀਰਤਨ ਅਤੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।