ਮਾਨ ਸਰਕਾਰ ਸੰਕਟਮਈ ਸਥਿਤੀ ਦੌਰਾਨ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜੀ: ਵਿਧਾਇਕਾ ਨੀਨਾ ਮਿੱਤਲ

ਰਾਜਪੁਰਾ,31 ਅਗਸਤ (ਹਿਮਾਂਸ਼ੂ ਹੈਰੀ): ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਹਲਕਾ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਅੱਜ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਇੱਕ ਟਰੱਕ ਰਾਹਤ ਸਮੱਗਰੀ ਦਾ ਰਵਾਨਾ ਕੀਤਾ । ਇਸ ਰਾਹਤ ਸਮੱਗਰੀ ਵਿੱਚ ਆਟੇ ਦੇ ਪੈਕਟ, ਸੁੱਕੇ ਛੋਲੇ, ਦਾਲਾਂ, ਸਾਬਣ,ਤੇਲ, ਖੰਡ ,ਪੱਤੀ,ਪੀਣ ਵਾਲਾ ਪਾਣੀ ਅਤੇ ਹੋਰ ਜ਼ਰੂਰੀ ਘਰੇਲੂ ਸਮਾਨ ਸ਼ਾਮਲ ਕੀਤਾ ਗਿਆ ਹੈ।ਇਸ ਮੌਕੇ ‘ਤੇ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਹੜ੍ਹ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਹੋਈ ਹੈ। ਪਠਾਨਕੋਟ ਸਮੇਤ ਕਈ ਇਲਾਕੇ ਪੂਰੀ ਤਰ੍ਹਾਂ ਪਾਣੀ ਦੇ ਹਵਾਲੇ ਹੋ ਗਏ ਹਨ, ਜਿਸ ਨਾਲ ਲੋਕਾਂ ਦੇ ਘਰ, ਫਸਲਾਂ ਅਤੇ ਰੋਜ਼ਗਾਰ ਦੇ ਸਾਧਨ ਬਰਬਾਦ ਹੋ ਚੁੱਕੇ ਹਨ। “ਅਜਿਹੇ ਸੰਕਟਮਈ ਸਮੇਂ ਹਰ ਪੰਜਾਬੀ ਦਾ ਵੀ ਇਹ ਨੈਤਿਕ ਫਰਜ਼ ਬਣਦਾ ਹੈ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਵੇ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜ ਪੂਰੀ ਗੰਭੀਰਤਾ ਨਾਲ ਚਲਾਏ ਜਾ ਰਹੇ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੇ ਨਾਲ ਪੂਰੀ ਤਰ੍ਹਾਂ ਖੜੀ ਹੈ।ਉਹਨਾਂ ਕਿਹਾ ਕਿ ਨਹਿਰਾਂ ਅਤੇ ਦਰਿਆਵਾਂ ਦੇ ਕੰਢੇ ਲੱਗਦੇ ਕਈ ਇਲਾਕੇ ਬਿਲਕੁਲ ਤਬਾਹ ਹੋ ਚੁੱਕੇ ਹਨ। ਫਸਲਾਂ ਦੇ ਨੁਕਸਾਨ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਝਟਕਾ ਲੱਗਿਆ ਹੈ। ਘਰਾਂ ਦੇ ਢਹਿ ਜਾਣ ਅਤੇ ਕਾਰੋਬਾਰ ਦੇ ਬੰਦ ਹੋਣ ਕਾਰਨ ਆਮ ਲੋਕ ਭਾਰੀ ਮੁਸ਼ਕਲ ਵਿੱਚ ਹਨ।ਵਿਧਾਇਕਾ ਨੀਨਾ ਮਿੱਤਲ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਉਹ ਇਸ ਸੰਕਟ ਤੋਂ ਜਲਦੀ ਬਾਹਰ ਨਿਕਲਣਗੇ ਅਤੇ ਮਾਨ ਸਰਕਾਰ ਤੁਹਾਡੇ ਨਾਲ ਹੈ, ਹਰ ਸੰਭਵ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਉਨਾ ਕਿਹਾ ਕਿ ਪੰਜਾਬ ਦੇ ਇਸ ਔਖੇ ਵੇਲੇ ਵਿੱਚ ਕਈ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆਈਆਂ ਹਨ। ਇਨ੍ਹਾਂ ਸੰਸਥਾਵਾਂ ਵੱਲੋਂ ਵੀ ਰਾਹਤ ਸਮੱਗਰੀ ਭੇਜੀ ਗਈ ਹੈ।ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰੇ, ਤਾਂ ਜੋ ਹੜ੍ਹ ਕਾਰਨ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ। “ਪੰਜਾਬ ਨੇ ਦੇਸ਼ ਲਈ ਹਮੇਸ਼ਾ ਅੱਗੇ ਰਹਿ ਕੇ ਯੋਗਦਾਨ ਦਿੱਤਾ ਹੈ। ਹੁਣ ਦੇਸ਼ ਦੀ ਸਰਕਾਰ ਨੂੰ ਵੀ ਪੰਜਾਬ ਦੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨਾ ਕਿਹਾ ਕਿ ਰਾਜਪੁਰਾ ਹਲਕੇ ਤੋਂ ਭੇਜੀ ਗਈ ਇਹ ਰਾਹਤ ਸਮੱਗਰੀ ਨਾਂ ਕੇਵਲ ਹੜ੍ਹ ਪੀੜਤਾਂ ਲਈ ਸਹਾਇਤਾ ਹੈ, ਸਗੋਂ ਇਹ ਸੰਦਰਭ ਵੀ ਹੈ ਕਿ ਪੰਜਾਬ ਦੇ ਲੋਕ ਇੱਕ-ਦੂਜੇ ਨਾਲ ਮਿਲ ਕੇ ਹਰ ਔਖੀ ਘੜੀ ਦਾ ਮੁਕਾਬਲਾ ਕਰਨ ਵਿੱਚ ਸਮਰੱਥ ਹਨ। ਸਰਕਾਰ ਅਤੇ ਲੋਕਾਂ ਦੇ ਸਾਂਝੇ ਯਤਨਾਂ ਨਾਲ ਹੀ ਇਸ ਤਬਾਹੀ ਤੋਂ ਮੁਕਤੀ ਮਿਲ ਸਕਦੀ ਹੈ।ਇਸ ਮੌਕੇ ਐਡਵੋਕੇਟ ਲਵੀਸ ਮਿੱਤਲ,ਰੀਤੇਸ ਬਾਂਸਲ,ਸ਼ਾਮ ਸੁੰਦਰ ਵਧਵਾ,ਰਾਜੇਸ਼ ਬੋਵਾ, ਰਿੰਕੂ ਕਚਹਿਰੀ, ਅਨੀਤਾ ਰਾਣੀ ਧਨਵੰਤ ਸਿੰਘ,ਮਾਨ ਸਿੰਘ ਸਰਪੰਚ,ਗੁਰਸ਼ਰਨ ਸਿੰਘ ਵਿੱਰਕ, ਗੁਰਵਿੰਦਰ ਸਿੰਘ,ਨਿਤਿਨ,ਸੁਮਨ ਰਾਣੀ,ਅਮਨ ਸੈਣੀ ਤਰੂਣ ਸ਼ਰਮਾ ਸਮੇਤ ਹੋਰ ਵੀ ਪਾਰਟੀ ਵਲੰਟੀਅਰ ਮੌਜੂਦ ਸਨ।