ਅਪ੍ਰੇਸ਼ਨ ਸ਼ਿੰਦੁਰ ਵਿੱਚ ਵਿਖਾਈ ਬਹਾਦਰੀ ਦੇ ਮੱਦੇਨਜ਼ਰ ਵਿੰਗ ਕਮਾਂਡਰ ਅਮਨਦੀਪ ਸਿੰਘ ਦਿਹੋਤ ਰਾਸ਼ਟਰਪਤੀ ਵਾਯੂ ਸੈਨਾ ਗੈਲੰਟਰੀ ਮੈਡਲ ਨਾਲ ਸਨਮਾਨਿਤ ਹੋਣਗੇ
ਪਟਿਆਲਾ/ਰਾਜਪੁਰਾ,16 ਅਗਸਤ (ਹਿਮਾਂਸ਼ੂ ਹੈਰੀ): ਰਾਜਪੁਰਾ ਦੇ ਵਸਨੀਕ ਅਤੇ ਭਾਰਤੀ ਵਾਯੂ ਸੈਨਾ ਦੇ ਵਿੰਗ ਕਮਾਂਡਰ ਅਮਨਦੀਪ ਸਿੰਘ ਦਿਹੋਤ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਵਾਯੂ ਸੈਨਾ ਗੈਲੰਟਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ ਉਨ੍ਹਾਂ ਨੂੰ ਅਪ੍ਰੇਸ਼ਨ ਸ਼ਿੰਦੁਰ ਦੌਰਾਨ ਦਿਖਾਈ ਗਈ ਸ਼ੂਰਵੀਰਤਾ, ਦ੍ਰਿੜ੍ਹਤਾ ਅਤੇ ਦੇਸ਼ ਪ੍ਰਤੀ ਸਮਰਪਣ ਲਈ ਪ੍ਰਦਾਨ ਕੀਤਾ ਜਾ ਰਿਹਾ ਹੈ।ਵਿੰਗ ਕਮਾਂਡਰ ਅਮਨਦੀਪ ਸਿੰਘ ਦਿਹੋਤ ਨੇ ਖਤਰਨਾਕ ਹਾਲਾਤਾਂ ਦੇ ਬਾਵਜੂਦ ਆਪਣੇ ਟੀਚੇ ਨੂੰ ਪੂਰਾ ਕਰਕੇ ਅਤੇ ਦੇਸ਼ ਦੀ ਸ਼ਾਨ ਨੂੰ ਉੱਚਾ ਰੱਖਣ ਲਈ ਅਟੱਲ ਹਿੰਮਤ ਦਾ ਪ੍ਰਦਰਸ਼ਨ ਕੀਤਾ। ਇਸ ਗੱਲ ਦੀ ਜਾਣਕਾਰੀ ਮਿਲਣ ਤੇ ਸਮੂਹ ਰਾਜਪੁਰਾ ਖੇਤਰ ਵਿੱਚ ਮਾਣ ਅਤੇ ਖੁਸ਼ੀ ਦਾ ਮਾਹੌਲ ਹੈ।ਇਸ ਉਪਲਬਧੀ ‘ਤੇ ਰਾਜਪੁਰਾ ਹਲਕੇ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਆਪਣੀ ਟੀਮ ਸਮੇਤ ਵਿੰਗ ਕਮਾਂਡਰ ਅਮਨਦੀਪ ਸਿੰਘ ਦਿਹੋਤ ਦੇ ਪਿਤਾ ਰਿਟਾਇਰਡ ਗਰੁੱਪ ਕੈਪਟਨ ਕਮਲਜੀਤ ਸਿੰਘ ਦਿਹੋਤ ਦੇ ਘਰ ਪਹੁੰਚੇ। ਉਨ੍ਹਾਂ ਨੇ ਵਿੰਗ ਕਮਾਂਡਰ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਗੈਲੰਟਰੀ ਮੈਡਲ ਲਈ ਚੋਣ ਹੋਣ ‘ਤੇ ਸਮੂਹ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ।ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਨਾਲ ਉਨ੍ਹਾਂ ਦੇ ਪਤੀ ਅਜੇ ਮਿੱਤਲ, ਸਪੁੱਤਰ ਐਡਵੋਕੇਟ ਲਵੀਸ ਮਿੱਤਲ, ਅਤੇ ਕੋਆਰਡੀਨੇਟਰ ਟੀਮ ਤੋਂ ਰੀਤੇਸ ਬਾਂਸਲ ਵੀ ਮੌਜੂਦ ਸਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਵਿੰਗ ਕਮਾਂਡਰ ਅਮਨਦੀਪ ਸਿੰਘ ਨੂੰ ਮਿਲਣ ਵਾਲਾ ਵਾਯੂ ਸੈਨਾ ਗੈਲੰਟਰੀ ਅਵਾਰਡ ਸਿਰਫ਼ ਦਿਹੋਤ ਪਰਿਵਾਰ ਹੀ ਨਹੀਂ, ਸਗੋਂ ਪੂਰੇ ਰਾਜਪੁਰਾ ਲਈ ਮਾਣ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਅਮਨਦੀਪ ਸਿੰਘ ਦੀ ਦੇਸ਼ ਪ੍ਰਤੀ ਨਿਭਾਈ ਸਮਰਪਣਭਰੀ ਸੇਵਾ ਅੱਜ ਦੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ। ਇਹ ਸਨਮਾਨ ਸਾਬਤ ਕਰਦਾ ਹੈ ਕਿ ਰਾਜਪੁਰਾ ਦੀ ਮਿੱਟੀ ਨੇ ਹਮੇਸ਼ਾਂ ਦੇਸ਼ ਲਈ ਸ਼ਹੀਦਾਂ ਅਤੇ ਸ਼ੂਰਵੀਰ ਜਵਾਨਾਂ ਨੂੰ ਜਨਮ ਦਿੱਤਾ ਹੈ। ਜਿਨ੍ਹਾਂ ਨੇ ਮੁਲਕ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਖਾਤਿਰ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਦੱਸਿਆ ਕਿ ਵਿੰਗ ਕਮਾਂਡਰ ਦੇ ਪੜਦਾਦਾ ਫ਼ਕੀਰ ਸਿੰਘ ਦਿਹੋਤ, ਦਾਦਾ ਮਹਿੰਦਰ ਸਿੰਘ ਦਿਹੋਤ ਅਤੇ ਪਿਤਾ ਗਰੁੱਪ ਕੈਪਟਨ ਕਮਲਜੀਤ ਸਿੰਘ ਦਿਹੋਤ ਪਹਿਲਾਂ ਹੀ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਚੁੱਕੇ ਹਨ। ਹੁਣ ਵਿੰਗ ਕਮਾਂਡਰ ਅਮਨਦੀਪ ਸਿੰਘ ਦਿਹੋਤ ਨੇ ਆਪਣੀ ਕਾਬਲੀਅਤ ਨਾਲ ਇਸ ਰਿਵਾਇਤ ਨੂੰ ਹੋਰ ਵੀ ਮਜ਼ਬੂਤ ਕੀਤਾ ਹੈ। ਉਨਾ ਕਿਹਾ ਕਿ ਰਾਜਪੁਰਾ ਦੀ ਧਰਤੀ ਹਮੇਸ਼ਾਂ ਸ਼ੂਰਵੀਰਾਂ ਦੀ ਜਨਮਭੂਮੀ ਰਹੀ ਹੈ।ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਇਹ ਸਫਲਤਾ ਸਿਰਫ਼ ਪਰਿਵਾਰ ਦੀ ਹੀ ਨਹੀਂ, ਸਗੋਂ ਪੂਰੇ ਰਾਜਪੁਰਾ ਖੇਤਰ ਅਤੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੀ ਹੈ।ਸਮੂਹ ਦਿਹੋਤ ਪਰਿਵਾਰ ਇਸ ਵਧਾਈ ਦੇ ਯੋਗ ਹੈ।ਇਸ ਮੌਕੇ ਵਿੰਗ ਕਮਾਂਡਰ ਅਮਨਦੀਪ ਸਿੰਘ ਦਿਹੋਤ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਉਹ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਹਮੇਸ਼ਾ ਦ੍ਰਿੜ੍ਹਤਾ ਅਤੇ ਸੰਕਲਮਈ ਸੋਚ ਨਾਲ ਕੰਮ ਕਰਦੇ ਹਨ। ਮੇਰੇ ਮਨ ਵਿੱਚ ਸਿਰਫ਼ ਇੱਕ ਹੀ ਗੱਲ ਰਹਿੰਦੀ ਹੈ ਕਿ ਦੇਸ਼ ਦੀ ਸ਼ਾਨਸ਼ੌਕਤ ਨੂੰ ਹਮੇਸ਼ਾ ਬਰਕਰਾਰ ਰੱਖਣਾ ਹੈ। ਇਸੀ ਸੋਚ ਨੇ ਮੈਨੂੰ ਅਤੇ ਮੇਰੀ ਟੀਮ ਨੂੰ ਅਪ੍ਰੇਸ਼ਨ ਸ਼ਿੰਦੁਰ ਵਿੱਚ ਸਫਲਤਾ ਦਿਵਾਈ ਹੈ। ਵਿੰਗ ਕਮਾਂਡਰ ਅਮਨਦੀਪ ਸਿੰਘ ਦਿਹੋਤ ਨੇ ਇਸ ਮੌਕੇ ਨੌਜਵਾਨ ਪੀੜ੍ਹੀ ਨੂੰ ਖ਼ਾਸ ਸੁਨੇਹਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਸਭ ਤੋਂ ਵੱਡਾ ਫਰਜ਼ ਹੈ ਕਿ ਉਹ ਆਪਣੇ ਸਾਥੀਆਂ ਨੂੰ ਗਲਤ ਰਸਤੇ ਤੋਂ ਹਟਾ ਕੇ ਸਹੀ ਮਾਰਗ ਵੱਲ ਲੈ ਕੇ ਜਾਣ।ਜੇਕਰ ਅਸੀਂ ਆਪਣੀ ਸੁਸਾਇਟੀ ਦੇ ਹਰ ਨੌਜਵਾਨ ਨੂੰ ਚੰਗੀ ਸੋਚ, ਸੱਚਾਈ ਅਤੇ ਦੇਸ਼ਭਗਤੀ ਦੇ ਰਾਹ ਤੇ ਲਿਆ ਸਕੀਏ, ਤਾਂ ਸਾਡਾ ਦੇਸ਼ ਏਕਤਾ ਅਤੇ ਅਖੰਡਤਾ ਦੀ ਮਿਸਾਲ ਬਣ ਕੇ ਦੁਨੀਆ ਵਿੱਚ ਅੱਗੇ ਵਧੇਗਾ।ਵਿੰਗ ਕਮਾਂਡਰ ਅਮਨਦੀਪ ਸਿੰਘ ਦਿਹੋਤ ਦੀ ਇਸ ਉਪਲਬਧੀ ਨਾਲ ਰਾਜਪੁਰਾ ਦੇ ਲੋਕਾਂ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ। ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਗਠਨਾਂ ਵੱਲੋਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀਆਂ ਜਾ ਰਹੀਆਂ ਹੈ। ਇਸ ਮੌਕੇ ਡੀ ਐਸ ਪੀ ਮਨਜੀਤ ਸਿੰਘ,ਐਸ ਐਚ ਓ ਕ੍ਰਿਪਾਲ ਸਿੰਘ,ਅਮਰਿੰਦਰ ਮੀਰੀ, ਨਿਤਿਨ ਪਹੁੰਜਾ,ਅਮਨ ਸੈਣੀ ਅਤੇ ਵਿੰਗ ਕਮਾਂਡਰ ਅਮਨਦੀਪ ਸਿੰਘ ਦਿਹੋਤ ਦੇ ਪਰਿਵਾਰ ਮੈਂਬਰ ਅਤੇ ਹੋਰ ਪਾਰਟੀ ਅਹੁਦੇਦਾਰ ਤੇ ਹੋਰ ਮੁੱਖ ਸਖਸੀਅਤਾਂ ਮੌਜੂਦ ਸਨ।