
ਰਾਜਪੁਰਾ,01 ਅਕਤੂਬਰ (ਹਿਮਾਂਸ਼ੂ ਹੈਰੀ): ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਲੋਕ ਭਲਾਈ ਲਈ ਵਚਨਬੱਧਤਾ ਨੂੰ ਅੱਗੇ ਵਧਾਉਂਦਿਆਂ ਹਲਕਾ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਬੀਤੇ ਦਿਨੀਂ ਮਹਿੰਦਰਗੰਜ ਬਾਜ਼ਾਰ ਪੁਰਾਣੇ ਬੱਸ ਸਟੈਂਡ ਵਿਖੇ 37 ਲੱਖ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਸਾਫ ਪਾਣੀ ਦੇ ਨਵੇਂ ਟਿਊਬਵੈੱਲ ਦਾ ਨੀਂਹ ਪੱਥਰ ਰੱਖਿਆ। ਇਸ ਟਿਊਬਵੈੱਲ ਦੇ ਬਣਨ ਨਾਲ ਸਥਾਨਕ ਵਾਸੀਆਂ ਨੂੰ ਸਾਫ਼ ਤੇ ਸਿਹਤਮੰਦ ਪੀਣ ਵਾਲਾ ਪਾਣੀ ਉਪਲਬਧ ਹੋਵੇਗਾ, ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਲੰਮੇ ਸਮੇਂ ਤੋਂ ਦਰਪੇਸ਼ ਪਾਣੀ ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ।ਇਸ ਮੌਕੇ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਰਾਜਪੁਰਾ ਸ਼ਹਿਰ ਦੀ ਹਰ ਗਲੀ-ਮੁਹੱਲੇ ਵਿੱਚ ਪਾਣੀ ਦੀ ਉਚਿਤ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਵੱਡੇ ਪੱਧਰ ਦੀਆਂ ਯੋਜਨਾਵਾਂ ਉਲੀਕੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਟਿਊਬਵੈੱਲ ਖ਼ਾਸ ਕਰਕੇ ਮਹਿੰਦਰਗੰਜ ਇਲਾਕੇ ਦੇ ਵਾਸੀਆਂ ਲਈ ਇੱਕ ਵੱਡੀ ਸੁਵਿਧਾ ਹੋਵੇਗਾ, ਕਿਉਂਕਿ ਇੱਥੇ ਪੀਣ ਵਾਲੇ ਸਾਫ ਪਾਣੀ ਦੀ ਘਾਟ ਨੂੰ ਲੈ ਕੇ ਲੋਕਾਂ ਨੂੰ ਕਾਫੀ ਸਮੇਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਤੋਂ ਹੁਣ ਨਿਜਾਤ ਮਿਲੇਗੀ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪ੍ਰਾਥਮਿਕਤਾ ਲੋਕਾਂ ਨੂੰ ਸਿਹਤਮੰਦ ਅਤੇ ਸਾਫ ਪਾਣੀ ਦੀ ਸਹੂਲਤ ਦੇਣੀ ਹੈ ਕਿਉਂਕਿ ਪਾਣੀ ਹੀ ਜੀਵਨ ਦਾ ਮੁੱਖ ਸਰੋਤ ਹੈ।ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਅਗਲੇ ਕਈ ਦਹਾਕਿਆਂ ਤੱਕ ਪਾਣੀ ਦੀ ਕੋਈ ਘਾਟ ਨਾ ਆਵੇ। ਇਸ ਲਈ ਜਲ ਸਪਲਾਈ ਪ੍ਰਾਜੈਕਟ ਅਤੇ ਟਿਊਬਵੈੱਲ ਵਰਗੀਆਂ ਯੋਜਨਾਵਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਰਾਜਪੁਰਾ ਸ਼ਹਿਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸਥਾਨਕ ਨਿਵਾਸੀਆਂ ਨੇ ਵਿਧਾਇਕਾ ਨੀਨਾ ਮਿੱਤਲ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਰੀਤੇਸ ਬਾਂਸਲ, ਸਚਿਨ ਮਿੱਤਲ, ਐਡਵੋਕੇਟ ਸੰਦੀਪ ਬਾਵਾ, ਟਿੰਕੂ ਬਾਂਸਲ, ਸੁਮਿਤ ਬਖਸ਼ੀ,ਨੀਤਿਨ ਪਹੁੰਜਾ, ਸਬੰਧਤ ਅਧਿਕਾਰੀ ਅਤੇ ਹੋਰ ਪਾਰਟੀ ਅਹੁਦੇਦਾਰ ਤੇ ਸਥਾਨਕ ਨਿਵਾਸੀ ਮੌਜੂਦ ਸਨ।