ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਘਨੌਰ ਦੇ ਦਰਜਨਾਂ ਪਿੰਡਾਂ ਲਈ ਕੀਤਾ ਹਾਈ ਅਲਰਟ ਜਾਰੀ

ਪਟਿਆਲਾ/ਘਨੌਰ,03 ਸਤੰਬਰ(ਹਿਮਾਂਸ਼ੂ ਹੈਰੀ):ਪਿਛਲੇ ਕੁਝ ਦਿਨਾਂ ਤੋਂ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਲਗਾਤਾਰ ਮੀਂਹਬਾਰੀ ਕਰਕੇ ਘੱਗਰ ਨਦੀ ਦੇ ਕੈਚਮੈਂਟ ਖੇਤਰ ਵਿੱਚ ਪਾਣੀ ਦਾ ਸੱਤਰ ਵੱਧ ਚੁੱਕਾ ਹੈ ਜਿਸ ਕਰਕੇ ਮੈਦਾਨੀ ਇਲਾਕਿਆਂ ਵਿਚ ਘੱਗਰ ਨਦੀ ਦੇ ਪਾਣੀ ਵਿਚ ਹੋਰ ਵਧਣ ਦੀ ਸੰਭਾਵਨਾ ਹੈ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜਪੁਰਾ ਸਬ ਡਵੀਜ਼ਨ ਦੇ ਘੱਗਰ ਨੇੜਲੇ ਪਿੰਡਾਂ ਲਈ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਅਪੀਲ ਕੀਤੀ ਹੈ।ਐਸ.ਡੀ.ਐਮ. ਰਾਜਪੁਰਾ ਅਵਿਕੇਸ਼ ਗੁਪਤਾ ਵੱਲੋਂ ਜਾਰੀ ਕੀਤੀ ਸਲਾਹਕਾਰੀਆਂ ਮੁਤਾਬਕ ਹਲਕਾ ਘਨੌਰ ਵਿੱਚ ਪੈਂਦੇ ਪਿੰਡ ਸੰਜਰਪੁਰ, ਊਂਟਸਰ, ਦੜਬਾ, ਸਲੇਮਪੁਰ, ਸ਼ਮਸ਼ਪੁਰ, ਜੰਡਮਗੋਲੀ, ਹਰਪਾਲਾਂ, ਰਾਮਪੁਰ, ਸੌਂਟਾ, ਮਾਰੀਆਂ, ਕਪੂਰੀ, ਕਮਾਲਪੁਰ, ਸਰਾਲਾ ਕਲਾਂ, ਸਰਾਲਾ ਖੁਰਦ, ਕਾਮੀ ਖੁਰਦ, ਚਮਾਰੂ, ਲਾਛੜੂ ਖੁਰਦ, ਮਹਿਦੂਦਾਂ, ਮੰਜੌਲੀ, ਮਾੜੂ, ਜੰਬੋਮਾਜਰਾ, ਜਮੀਤਗੜ੍ਹ, ਮਹਮਦਪੁਰ ਸਮੇਤ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਘੱਗਰ ਨਦੀ ਦੇ ਨੇੜੇ ਨਾ ਜਾਣ ਅਤੇ ਹਮੇਸ਼ਾਂ ਸੁਰੱਖਿਅਤ ਥਾਵਾਂ ‘ਤੇ ਰਹਿਣ। ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਲੋਕ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਨੰਬਰ 01762-224132 ‘ਤੇ ਸੰਪਰਕ ਕਰ ਸਕਦੇ ਹਨ।ਇਸੇ ਸਬੰਧ ਵਿੱਚ ਹਲਕਾ ਘਨੌਰ ਦੇ ਵਿਧਾਇਕ ਸ. ਗੁਰਲਾਲ ਘਨੌਰ ਨੇ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਘੱਗਰ ਨਦੀ ਦੇ ਨੇੜੇ ਜਾਣ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਪਾਣੀ ਦਾ ਪੱਧਰ ਅਚਾਨਕ ਵੱਧ ਸਕਦਾ ਹੈ। ਉਨ੍ਹਾਂ ਹਲਕਾ ਵਾਸੀਆਂ ਨੂੰ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਸੁਰੱਖਿਅਤ ਥਾਵਾਂ ਵੱਲ ਰੁਖ਼ ਕਰਨ ਲਈ ਕਿਹਾ।ਉਨਾ ਕਿਹਾ ਕਿ ਹੜਾਂ ਦੀ ਸਥਿਤੀ ਨੂੰ ਵੇਖਦਿਆਂ ਹਰੇਕ ਤਰ੍ਹਾਂ ਦੇ ਜ਼ਰੂਰੀ ਸਮਾਨ ਦੀ ਵਿਵਸਥਾ ਕੀਤੀ ਗਈ ਹੈ। ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਅਤੇ ਸਹਾਇਤਾ ਲਈ ਤੱਤਪਰ ਹੈ। ਕਿਸੇ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ। ਉਨਾ ਕਿਹਾ ਕਿ ਕਿਸੇ ਪ੍ਰਕਾਰ ਦੀਆਂ ਅਫ਼ਵਾਹਾ ਤੋਂ ਸੁਚੇਤ ਹੋਕੇ ਸਰਕਾਰੀ ਨਿਰਦੇਸ਼ ਦੀ ਪਾਲਣ ਕੀਤੀ ਜਾਵੇ।ਵਿਧਾਇਕ ਗੁਰਲਾਲ ਘਨੌਰ ਨੇ ਦੱਸਿਆ ਕਿ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ, ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਜਨ-ਜੀਵਨ ਅਸਤ-ਵਿਅਸਤ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਲਕਾ ਘਨੌਰ ਦੇ ਕਈ ਪਿੰਡਾਂ ਨੂੰ ਅਲਰਟ ਕੀਤਾ ਗਿਆ ਹੈ, ਕਿਉਂਕਿ ਪਹਾੜੀ ਪਾਣੀ ਤੇਜ਼ੀ ਨਾਲ ਪੰਜਾਬ ਵੱਲ ਵਧ ਰਿਹਾ ਹੈ। ਅਜੇ ਆਉਣ ਵਾਲੇ ਦਿਨਾਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ, ਇਸ ਲਈ ਵਧੇਰੇ ਚੌਕਸੀ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਸ ਸੰਕਟਮਈ ਸਥਿਤੀ ਵਿੱਚ ਆਪਸੀ ਸਾਂਝ, ਸਹਿਨਸ਼ੀਲਤਾ ਅਤੇ ਏਕਤਾ ਨਾਲ ਹੀ ਮੁਸ਼ਕਲਾਂ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਵਿਧਾਇਕ ਗੁਰਲਾਲ ਘਨੌਰ ਨੇ ਘਨੌਰ ਹਲਕੇ ਦੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੇ ਨਾਲ ਹੈ ਅਤੇ ਹਰ ਸਥਿਤੀ ਵਿੱਚ ਉਨ੍ਹਾਂ ਦਾ ਸਮਰਥਨ ਕਰੇਗੀ। ਗੁਰਲਾਲ ਘਨੌਰ ਨੇ ਕਿਹਾ ਕਿ ਹੜ੍ਹ ਕਾਰਨ ਹੋਏ ਨੁਕਸਾਨ ਦੀ ਪੂਰੀ ਭਰਪਾਈ ਕੀਤੀ ਜਾਵੇਗੀ। ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਅਤੇ ਜਿਨ੍ਹਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਉਨ੍ਹਾਂ ਦਾ ਜਲਦੀ ਹੀ ਸਰਵੇਖਣ ਕਰਵਾ ਕੇ ਗਿਰਦਾਵਰੀ ਕੀਤੀ ਜਾਵੇਗੀ ਅਤੇ ਸਰਕਾਰ ਵੱਲੋਂ ਲੋੜੀਂਦੀ ਸਹਾਇਤਾ ਦਿੱਤੀ ਜਾਵੇਗੀ।ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੇ ਕੇਂਦਰ ਸਰਕਾਰ ਤੋਂ ਰਾਹਤ ਪੈਕੇਜ ਦੀ ਵੀ ਮੰਗ ਕੀਤੀ ਹੈ, ਤਾਂ ਜੋ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵਾਧੂ ਸਹਾਇਤਾ ਮਿਲ ਸਕੇ। ਉਨਾ ਕਿਹਾ ਕਿ ਹੜ੍ਹ ਨਾਲ ਜੁੜੇ ਜੋਖਮ ਘੱਟ ਹੋਣ ਤੋਂ ਬਾਅਦ ਵੀ ਪ੍ਰਭਾਵਿਤ ਲੋਕਾਂ ਲਈ ਨਿਰੰਤਰ ਸਹਾਇਤਾ ਅਤੇ ਪੁਨਰਵਾਸ ਉਪਾਵਾਂ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਕੁਦਰਤੀ ਆਫ਼ਤ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਤੋਂ ਬਾਅਦ ਜਲਦੀ ਹੀ ਲਾਜ਼ਮੀ ਕਦਮ ਚੁੱਕੇ ਜਾਣਗੇ। ਰਾਜਪੁਰਾ ਅਤੇ ਘਨੌਰ ਚ ਹੜਾ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਨੰਬਰਾ ਤੇ ਕਿਸੇ ਸੂਚਨਾ ਲਈ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਨੰਬਰ 01762-224132 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਿਸੇ ਵੀ ਸੂਚਨਾ ਲਈ ਤੁਰੰਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਕੰਟਰੋਲ ਰੂਮ ਨੰਬਰ 0175-2350550 ਉਪਰ ਸੂਚਿਤ ਕੀਤਾ ਜਾਵੇ।