ਕੁਦਰਤੀ ਆਫ਼ਤ ਵਰਗੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਲੌੜੀਂਦੇ ਪ੍ਰਬੰਧ:ਨੀਨਾ ਮਿੱਤਲ

ਰਾਜਪੁਰਾ,03 ਸਤੰਬਰ (ਹਿਮਾਂਸ਼ੂ ਹੈਰੀ): ਘੱਗਰ ਨਦੀ ਵਿੱਚ ਲਗਾਤਾਰ ਵੱਧ ਰਹੇ ਪਾਣੀ ਦੇ ਵਹਾਅ ਨੇ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਗੰਭੀਰ ਸਥਿਤੀ ਦਾ ਅੰਦਾਜ਼ਾ ਲੈਂਦੇ ਹੋਏ ਅੱਜ ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਆਪਣੀ ਟੀਮ ਸਮੇਤ ਪਿੰਡ ਝੱਜੋਂ ਅਤੇ ਬੁੱਢਣਪੁਰ ਦਾ ਦੌਰਾ ਕਰਨ ਪਹੁੰਚੇ।ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਭਰੋਸਾ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਿਆਰੀ ਅਤੇ ਚੌਕਸੀ ਨਾਲ ਸਥਿਤੀ ‘ਤੇ ਨਿਗਰਾਨੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਹੁਣ ਤੱਕ ਪਾਣੀ ਕਾਰਨ ਕਿਸੇ ਤਰ੍ਹਾਂ ਦਾ ਵੱਡਾ ਨੁਕਸਾਨ ਦਰਜ ਨਹੀਂ ਹੋਇਆ, ਪਰ ਪ੍ਰਸ਼ਾਸਨ ਨੇ ਹਰ ਸੰਭਵ ਚੌਕਸੀ ਬਰਤਦੇ ਹੋਏ ਲੌੜੀਂਦੇ ਪ੍ਰਬੰਧ ਕੀਤੇ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਸੰਭਾਵੀ ਖ਼ਤਰੇ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਨਜਿੱਠਿਆ ਜਾ ਸਕੇ। ਵਿਧਾਇਕਾ ਨੀਨਾ ਮਿੱਤਲ ਨੇ ਮੌਕੇ ‘ਤੇ ਹੀ ਮੋਹਾਲੀ ਦੇ ਡਿਪਟੀ ਕਮਿਸ਼ਨਰ ਨਾਲ ਫੋਨ ਰਾਹੀਂ ਸੰਪਰਕ ਕਰਕੇ ਬੰਨ ਦੀ ਮਜ਼ਬੂਤੀ ਲਈ ਵਾਧੂ ਮਿੱਟੀ ਅਤੇ ਰੇਤ ਨਾਲ ਭਰੀਆਂ ਥੈਲੀਆਂ ਦੇ ਇੰਤਜ਼ਾਮ ਕਰਵਾਇਆ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕੁਦਰਤੀ ਆਫ਼ਤ ਹੜਾ ਵਰਗੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਸਾਜ਼ੋ-ਸਾਮਾਨ ਸਮੇਤ ਤਿਆਰੀ ਕੀਤੀ ਗਈ ਹੈ। ਇਸ ਵਿੱਚ ਰਾਹਤ ਸਮੱਗਰੀ, ਰੇਸਕਿਊ ਟੀਮਾਂ ਅਤੇ ਐਮਰਜੈਂਸੀ ਸਹੂਲਤਾਂ ਦੇ ਪ੍ਰਬੰਧ ਸ਼ਾਮਲ ਹਨ। ਉਨਾ ਕਿਹਾ ਕਿ ਲੋਕਾਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਕਿਸੇ ਵੀ ਹਾਲਤ ਵਿੱਚ ਲੋਕਾਂ ਨੂੰ ਬੇਸਹਾਰਾ ਮਹਿਸੂਸ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਪਿੰਡ ਵਾਸੀਆਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਪਾਣੀ ਦਾ ਪੱਧਰ ਹੋਰ ਵਧਦਾ ਹੈ ਤਾਂ ਲੋਕ ਸੁਰੱਖਿਅਤ ਥਾਵਾਂ ਵੱਲ ਜਾਣ ਵਿੱਚ ਕੋਈ ਹਿਚਕਿਚਾਹਟ ਨਾ ਕਰਨ।ਇਸ ਮੌਕੇ ਵਿਧਾਇਕਾ ਨੇ ਪਿੰਡਾਂ ਦੇ ਵੱਡੇ-ਬੁਜ਼ੁਰਗਾਂ, ਔਰਤਾਂ ਅਤੇ ਨੌਜਵਾਨਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਵਿਚਾਰ ਜਾਣੇ। ਪਿੰਡ ਵਾਸੀਆਂ ਨੇ ਵੀ ਆਪਣੇ ਖੇਤਰਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਅਤੇ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਨੂੰ ਸਿਰਾਹਿਆ।ਇਸ ਦੌਰੇ ਦੌਰਾਨ ਵਿਧਾਇਕਾ ਨੀਨਾ ਮਿੱਤਲ ਨੇ ਸਬੰਧਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਪਿੰਡਾਂ ਵਿੱਚ ਲੋਕਾਂ ਦੀ ਸਹੂਲਤ ਲਈ ਹਰ ਸੰਭਵ ਸਹਾਇਤਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਹੜਾਂ ਵਰਗੀ ਕੁਦਰਤੀ ਸਥਿਤੀ ਵਿੱਚ ਲੋਕਾਂ ਦਾ ਮਨੋਬਲ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਅਤੇ ਸਰਕਾਰ ਲੋਕਾਂ ਦੇ ਨਾਲ ਖੜੀ ਹੈ। ਘੱਗਰ ਨਦੀ ਨੇੜਲੇ ਪਿੰਡ ਵਾਸੀਆਂ ਨੂੰ ਵਿਧਾਇਕਾਂ ਮੈਡਮ ਨੀਨਾ ਮਿੱਤਲ ਨੇ ਯਕੀਨ ਦਵਾਇਆ ਕਿ ਜੇਕਰ ਹੜਾਂ ਵਰਗੀ ਸਥਿਤੀ ਬਣਦੀ ਹੈ ਤਾਂ ਨਾ ਸਿਰਫ਼ ਸਰਕਾਰ, ਬਲਕਿ ਸਾਰੇ ਸਬੰਧਿਤ ਵਿਭਾਗ, ਰਾਹਤ ਅਤੇ ਬਚਾਅ ਟੀਮਾਂ ਹਰ ਵੇਲੇ ਤਿਆਰ ਰਹਿਣਗੀਆਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਘਬਰਾਹਟ ਦੀ ਲੋੜ ਨਹੀਂ, ਬਲਕਿ ਸਾਵਧਾਨੀ ਅਤੇ ਸਹਿਯੋਗ ਨਾਲ ਹੀ ਅਜਿਹੀਆਂ ਸਥਿਤੀਆਂ ਦਾ ਸਫਲਤਾ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ।