ਖੋਹ ਕੀਤੀ ਗਈ 27 ਲੱਖ ਨਗਦੀ,ਪਿਸਤੋਲ ਅਤੇ ਕਾਰ ਬਰਾਮਦ

ਰਾਜਪੁਰਾ,02 ਸਤੰਬਰ (ਹਿਮਾਂਸ਼ੂ ਹੈਰੀ):ਥਾਣਾ ਸਦਰ ਪੁਲਿਸ ਨੇ ਬੀਤੇ ਦਿਨੀ ਪਿਸਤੋਲ ਦਿਖਾ ਕੇ 27 ਲੱਖ ਰੁਪਏ ਦੀ ਖੋਹ ਕਰਨ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਖੋਹ ਕੀਤੀ ਗਈ ਨਗਦੀ, ਪਿਸਤੌਲ ਅਤੇ ਕਾਰ ਆਦਿ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਡੀ.ਐਸ.ਪੀ ਰਾਜਪੁਰਾ ਮਨਜੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਦੀਪਕ ਸੈਣੀ ਨੇ ਥਾਣਾ ਸਦਰ ਅਧੀਨ ਪੈਂਦੀ ਪੁਲਿਸ ਚੌਂਕੀ ਬਸੰਤਪੁਰਾ ਦੇ ਏਐਸਆਈ ਭੁਪਿੰਦਰ ਸਿੰਘ ਨੂੰ ਬਿਆਨ ਦਰਜ ਕਰਵਾਏ ਕਿ ਬੂਟਾ ਸਿੰਘ ਨੇ ਇੰਸਟਾਗਰਾਮ ਉੱਤੇ ਦਾ ਵੀਜ਼ਾ ਹੱਬ ਨਾਮ ਦੀ ਆਈਡੀ ਬਣਾਈ ਹੋਈ ਸੀ। ਜਿਸ ਤੇ ਸਬੰਧਤ ਨੰਬਰ ਉੱਤੇ ਵਟਸਐਪ ਰਾਹੀਂ ਗੱਲ ਹੋਈ ਅਤੇ ਉਸ ਵਿਅਕਤੀ ਨੇ ਆਪਣਾ ਨਾਮ ਬੂਟਾ ਸਿੰਘ ਉਰਫ ਗੈਰੀ ਵਾਸੀ ਗੁਰੂ ਨਾਨਕ ਨਗਰ ਨਲਾਸ ਰੋਡ ਰਾਜਪੁਰਾ ਦੱਸਿਆ। ਜਿਸ ਤੇ ਉਸ ਨੇ ਆਪਣੇ ਭਰਾ ਵਿਜੇ ਸਿੰਘ ਸੈਣੀ ਨੂੰ ਆਸਟਰੇਲੀਆ ਭੇਜਣ ਸਬੰਧੀ ਬੂਟਾ ਸਿੰਘ ਉਰਫ ਗੈਰੀ ਦੇ ਨਾਲ 27 ਲੱਖ 50 ਹਜਾਰ ਰੁਪਏ ਵਿੱਚ ਗੱਲ ਤੈ ਹੋ ਗਈ। ਬੂਟਾ ਸਿੰਘ ਦੇ ਕਹਿਣ ਉੱਤੇ 27 ਲੱਖ 28 ਹਜ਼ਾਰ ਰੁਪਏ ਕੈਸ਼ ਦਿਖਾਉਣ ਦੇ ਲਈ ਉਹ ਆਪਣੀ ਸਕੋਰਪੀਓ ਗੱਡੀ ਦੇ ਵਿੱਚ ਰਾਜਪੁਰਾ ਸਰਹਿੰਦ ਦੀ ਜੀਟੀ ਰੋਡ ਉੱਤੇ ਜਸ਼ਨ ਹੋਟਲ ਦੇ ਕੋਲ ਆ ਗਿਆ। ਉਸਨੇ ਦੱਸਿਆ ਕਿ 17 ਲੱਖ ਰੁਪਏ ਨੀਲੇ ਰੰਗ ਦੇ ਪਿੱਠੂ ਬੈਗ ਵਿੱਚ ਅਤੇ 10 ਲੱਖ ਰੁਪਏ ਦੂਜੇ ਨੀਲੇ ਰੰਗ ਦੇ ਪਿੱਠੂ ਬੈਗ ਵਿੱਚ ਤੇ ਬਾਕੀ ਬਚਦੇ 22000 ਕੈਸ਼ ਉਹਨਾਂ ਦੇ ਕੋਲ ਸੀ। ਜਿਸ ਤੇ ਜਸ਼ਨ ਹੋਟਲ ਦੇ ਸਰਵਿਸ ਰੋਡ ਉੱਤੇ ਇੱਕ ਵਿਅਕਤੀ ਜੋ ਕਿ ਆਪਣੇ ਆਪ ਨੂੰ ਬੂਟਾ ਸਿੰਘ ਦੱਸ ਰਿਹਾ ਸੀ ਖੜਾ ਮਿਲਿਆ ਅਤੇ ਉਹ ਸਕਾਰਪੀਓ ਗੱਡੀ ਵਿੱਚ ਬੈਠ ਗਿਆ ਤੇ ਗੱਡੀ ਉਸਦੇ ਕਹਿਣ ਮੁਤਾਬਿਕ ਜਸ਼ਨ ਹੋਟਲ ਦੀ ਪਾਰਕਿੰਗ ਵਿੱਚ ਖੜੀ ਕਰ ਲਈ। ਜਦੋਂ ਦੀਪਕ ਸੈਣੀ ਬੂਟਾ ਸਿੰਘ ਨੂੰ ਆਪਣੇ ਨਾਲ ਲਿਆਂਦਾ ਪੈਸਾ ਚੈੱਕ ਕਰਵਾ ਰਿਹਾ ਸੀ ਤਾਂ ਇਸ ਦੌਰਾਨ ਇੱਕ ਸਵਿਫਟ ਕਾਰ ਵਿੱਚ ਸਵਾਰ ਤਿੰਨ ਵਿਅਕਤੀ ਉਤਰ ਕੇ ਆਏ। ਇਸ ਦੌਰਾਨ ਬੂਟਾ ਸਿੰਘ ਨੇ ਆਪਣੀ ਪਿਸਤੋਲ ਤਾਣ ਕੇ ਮੈਨੂੰ ਡਰਾਇਆ ਧਮਕਾਇਆ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਸ ਦੇ ਨਾਲ ਆਏ ਤਿੰਨੋ ਵਿਅਕਤੀ 27 ਲੱਖ 50 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਬੂਟਾ ਸਿੰਘ ਦੇ ਨਾਲ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਸਰਹੰਦ ਪਾਸੇ ਵੱਲ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਉਪਰੰਤ ਏਐਸਆਈ ਭੁਪਿੰਦਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਮੁੱਖ ਮੁਲਜਮ ਬੂਟਾ ਸਿੰਘ ਉਰਫ ਗੈਰੀ ਨੂੰ ਲੁੱਟ ਖੋਹ ਦੌਰਾਨ ਵਰਤੀ ਗਈ ਸਵਿਫਟ ਕਾਰ ਸਮੇਤ ਗ੍ਰਿਫਤਾਰ ਕਰ ਲਿਆ। ਜਿਸ ਤੇ ਕਾਰ ਦੀ ਡਿੱਗੀ ਚੈੱਕ ਕਰਨ ਉੱਤੇ 10 ਲੱਖ ਰੁਪਏ ਦੀ ਨਗਦੀ, ਮੌਕੇ ਤੇ ਵਰਤੀ ਗਈ ਪਿਸਤੋਲ ਬਰਾਮਦ ਹੋਈ। ਇਸ ਤਰ੍ਹਾਂ ਬੂਟਾ ਸਿੰਘ ਉਰਫ ਗੈਰੀ ਨੇ ਪੁੱਛਗਿੱਛ ਤੇ ਆਪਣੇ ਸਾਥੀਆਂ ਸਤਵਿੰਦਰ ਸਿੰਘ ਉਰਫ ਸ਼ੰਟੀ ਵਾਸੀ ਚਨਾਰਥਲ ਰੋਡ ਪਿੰਡ ਸਾਨੀਪੁਰ ਜਿਲਾ ਫਤਿਹਗੜ ਸਾਹਿਬ, ਪਰਮਿੰਦਰ ਸਿੰਘ ਉਰਫ ਰਵੀ ਵਾਸੀ ਪਿੰਡ ਕੋਟਲਾ ਥਾਣਾ ਸਦਰ ਰਾਜਪੁਰਾ, ਗੁਰਜਿੰਦਰ ਸਿੰਘ ਉਰਫ ਸੋਨੂ ਵਾਸੀ ਪਿੰਡ ਪਪਲ ਥਾਣਾ ਸਦਰ ਰਾਜਪੁਰਾ ਨੂੰ ਗ੍ਰਿਫਤਾਰ ਕਰ ਲਿਆ। ਇਸ ਤਰ੍ਹਾਂ ਸਤਵੀਰ ਸਿੰਘ ਦੇ ਕਬਜ਼ੇ ਵਿੱਚੋਂ 8 ਲੱਖ ਰੁਪਏ ਅਤੇ ਪਰਮਿੰਦਰ ਸਿੰਘ ਦੇ ਕਬਜ਼ੇ ਵਿੱਚੋਂ ਵੀ 8 ਲੱਖ ਰੁਪਏ ਦੀ ਨਗਦੀ ਸਮੇਤ ਕੁੱਲ 26 ਲੱਖ ਰੁਪਏ ਦੀ ਨਗਦੀ ਬਰਾਮਦ ਹੋਈ। ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਬੂਟਾ ਸਿੰਘ ਉਰਫ ਗੈਰੀ ਦੇ ਖਿਲਾਫ ਥਾਣਾ ਸਿਟੀ ਰਾਜਪੁਰਾ ਵਿਖੇ ਧੋਖਾਧੜੀ ਸਣੇ ਹੋਰਨਾਂ ਧਰਾਵਾਂ ਹੇਠ ਮਾਮਲੇ ਦਰਜ ਹਨ ਅਤੇ ਸਤਬੀਰ ਸਿੰਘ ਉਰਫ ਸ਼ੰਟੀ ਦੇ ਖਿਲਾਫ ਥਾਣਾ ਸਰਹਿੰਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਆਰਮਜ ਐਕਟ ਦੇ ਤਹਿਤ ਮਾਮਲਾ ਦਰਜ ਹੈ। ਇਸ ਤਰ੍ਹਾਂ ਪਰਮਿੰਦਰ ਸਿੰਘ ਅਤੇ ਗੁਰਜਿੰਦਰ ਸਿੰਘ ਖਿਲਾਫ ਜਿਲਾ ਪਟਿਆਲਾ ਵਿਖੇ ਕੋਈ ਵੀ ਮਾਮਲਾ ਦਰਜ ਨਹੀਂ ਹੈ। ਉਹਨਾਂ ਦੱਸਿਆ ਕਿ ਉਕਤ ਚਾਰੋਂ ਮੁਲਜਮਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਪੁੱਛਗਿਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ।
ਫੋਟੋ ਕੈਪਸਨ 1- ਡੀਐਸਪੀ ਰਾਜਪੁਰਾ ਮਨਜੀਤ ਸਿੰਘ ਪ੍ਰੈਸ ਕਾਨਫਰੰਸ ਦੌਰਾਨ ਕਾਬੂ ਕੀਤੇ ਗਏ ਮੁਲਜਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਲ ਏ.ਐਸ.ਆਈ ਭੁਪਿੰਦਰ ਸਿੰਘ ਅਤੇ ਹੋਰ।