
ਜ਼ੀਰਕਪੁਰ,02 ਸਤੰਬਰ(ਹਿਮਾਂਸ਼ੂ ਹੈਰੀ):ਜ਼ੀਰਕਪੁਰ–ਅੰਬਾਲਾ ਰੋਡ ਸਥਿਤ ਇਕ ਨਾਮੀ ਹੋਟਲ ਵਿੱਚ ਸ਼ੁੱਕਰਵਾਰ ਰਾਤ ਨੂੰ ਹੋਈ ਮਿਊਜ਼ਿਕ ਨਾਈਟ ਦੌਰਾਨ ਸ਼ਰਾਬ ਦੇ ਇਕ ਠੇਕੇਦਾਰ ਅਤੇ ਉਸਦੇ ਸਾਥੀਆਂ ਵਲੋ ਹੰਗਾਮਾ ਕਰ ਹੋਟਲ ਵਿੱਚ ਇਕ ਮਹਿਲਾ ਦੀ ਚੋਰੀ–ਛੁਪੇ ਵੀਡੀਓ ਬਣਾਉਣ ਅਤੇ ਅਸ਼ਲੀਲ ਟਿੱਪਣੀਆਂ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਮੁੱਖ ਦੋਸ਼ੀ ਦੀ ਪਹਿਚਾਣ ਵਿਵੇਕ ਜੈਨ ਪੁੱਤਰ ਵਿਜੇ ਜੈਨ ਨਿਵਾਸੀ ਗਲੀ ਨੰਬਰ-2, ਆਦਰਸ਼ ਨਗਰ, ਡੇਰਾਬੱਸੀ ਵਜੋਂ ਹੋਈ ਹੈ। ਉਕਤ ਦੋਸ਼ੀ ਸ਼ੁੱਕਰਵਾਰ ਨੂੰ ਆਪਣੇ 3–4 ਸਾਥੀਆਂ ਨਾਲ ਨਸ਼ੇ ਦੀ ਹਾਲਤ ਵਿੱਚ ਹੋਟਲ ਪਹੁੰਚਿਆ ਅਤੇ ਮਿਊਜ਼ਿਕ ਨਾਈਟ ਦੌਰਾਨ ਇਕ ਮਹਿਲਾ ਤੇ ਨਜ਼ਰ ਰੱਖਦੇ ਹੋਏ ਉਸਦੀ ਵੀਡੀਓ ਬਣਾਉਣ ਲੱਗ ਪਿਆ। ਜਦੋਂ ਹੋਟਲ ਸਟਾਫ ਅਤੇ ਸੁਰੱਖਿਆ ਕਰਮਚਾਰੀਆਂ ਨੇ ਇਸਦਾ ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਉਹਨਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਵੀਡੀਓ ਮਿਟਾਉਣ ਤੋਂ ਇਨਕਾਰ ਕਰ ਦਿੱਤਾ। ਜਦੋਂ ਸਥਿਤੀ ਬਿਗੜਣ ਤੇ ਹੋਟਲ ਮਾਲਕ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ। ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀ ਅਤੇ ਉਸਦੇ ਸਾਥੀ ਹੱਥਾਪਾਈ ਤੇ ਉਤਰ ਆਏ। ਇਸ ਦੌਰਾਨ ਵਿਵੇਕ ਜੈਨ ਦਾ ਇਕ ਸਾਥੀ ਮਹਿਲਾ ਦੇ ਖਿਲਾਫ਼ ਅਭਦ੍ਰ ਟਿੱਪਣੀਆਂ ਕਰਦਾ ਰਿਹਾ। ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਾਂਦੇ ਸਮੇਂ ਦੋਸ਼ੀਆਂ ਨੇ ਹੋਟਲ ਮਾਲਕ ਅਤੇ ਉਸਦੇ ਪਰਿਵਾਰ ਨੂੰ ਧਮਕੀ ਦਿੱਤੀ ਕਿ ਉਹ ਉਸਨੂੰ ਗੈਂਗਸਟਰਾਂ ਦੀ ਮਦਦ ਨਾਲ ਨੁਕਸਾਨ ਪਹੁੰਚਾਉਣਗੇ ਅਤੇ ਮਹਿਲਾ ਦੀ ਵੀਡੀਓ ਨਾਲ ਛੇੜਛਾੜ ਕਰਕੇ ਉਸਨੂੰ ਸੋਸ਼ਲ ਮੀਡੀਆ ਤੇ ਅੱਪਲੋਡ ਵੀ ਕਰਨਗੇ। ਇਸ ਸਬੰਧੀ ਹੋਟਲ ਪ੍ਰਬੰਧਕ ਦਾ ਕਹਿਣਾ ਹੈ ਕਿ ਦੋਸ਼ੀ ਪਹਿਲਾਂ ਵੀ ਹੋਟਲ ਦੀ ਮਹਿਲਾ ਕਰਮਚਾਰੀਆਂ ਨਾਲ ਛੇੜਛਾੜ ਕਰ ਚੁੱਕਾ ਹੈ ਪਰ ਮਾਮਲਾ ਵਧਣ ਤੋਂ ਬਚਣ ਲਈ ਕਦੇ ਸ਼ਿਕਾਇਤ ਨਹੀਂ ਕੀਤੀ ਗਈ ਲੇਕਿਨ ਹੁਣ ਘਟਨਾ ਦੀ ਗੰਭੀਰਤਾ ਦੇ ਮੱਦੇਨਜ਼ਰ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਵਿਵੇਕ ਜੈਨ ਅਤੇ ਉਸਦੇ ਸਾਥੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।ਇਸ ਮੌਕੇ ਹੋਟਲ ਮਾਲਕ ਨੇ ਕਿਹਾ ਕਿ ਹੋਟਲ ਵਿੱਚ ਕੰਮ ਕਰਨ ਵਾਲਾ ਸਾਰਾ ਸਟਾਫ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਾਂਗ ਹੈ ਅਤੇ ਉਨ੍ਹਾਂ ਨਾਲ ਕਿਸੇ ਵੀ ਕੀਮਤ ’ਤੇ ਬਦਤਮੀਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।