ਚੋਣ ਅਧਿਕਾਰੀ ਵਿਜੈ ਗੁਪਤਾ ਨੇ ਬਹੁਤ ਪਾਰਦਰਸ਼ਤਾ ਨਾਲ ਚੋਣ ਕਰਵਾਈ:ਕੰਬੋਜ
ਵਿੱਦਿਅਕ ਅਦਾਰੇ ਦੀ ਚੋਣ ਸਮੇਂ ਵੱਡੀ ਗਿਣਤੀ `ਚ ਪੁਲਿਸ ਤਾਇਨਾਤ ਕਰਨੀ ਬਹੁਤ ਸ਼ਰਮਨਾਕ ਗੱਲ ਹੈ


ਰਾਜਪੁਰਾ, 30 ਮਾਰਚ (ਹਿਮਾਂਸ਼ੂ ਹੈਰੀ):ਅੱਜ ਸਥਾਨਕ ਪਟੇਲ ਮੈਮੋਰਿਅਲ ਨੈਸ਼ਨਲ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਰਿਟਰਨਿੰਗ ਅਫ਼ਸਰ ਸੀਨੀਅਰ ਮੈਂਬਰ ਵਿਜੈ ਗੁਪਤਾ ਦੀ ਦੇਖ ਰੇਖ ਵਿਚ ਹੋਈ। ਜਿਸ ਵਿਚ ਕਾਂਗਰਸ ਪਾਰਟੀ ਨਾਲ ਸਬੰਧਤ ਦੇਵਕੀ ਨੰਦਨ ਮੁੰਡੇਜਾ ਨੇ ਪ੍ਰਧਾਨਗੀ ਦਾ ਵਕਾਰੀ ਚੋਣ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਕੇਸ਼ ਕੁਕਰੇਜਾ ਰਿੰਕੂ ਨੂੰ 7 ਵੋਟਾਂ ਨਾਲ ਹਰਾ ਦਿੱਤਾ। ਚੋਣ ਅਧਿਕਾਰੀ ਵਿਜੈ ਗੁਪਤਾ ਨੇ ਦੱਸਿਆ ਕਿ ਦੇਵਕੀ ਨੰਦਨ ਨੂੰ 65 ਵੋਟਾਂ ਮਿਲੀਆਂ ਅਤੇ ਰਾਕੇਸ਼ ਕੁਕਰੇਜਾ ਨੂੰ 58 ਵੋਟਾਂ ਨਾਲ ਸਬਰ ਕਰਨਾ ਪਿਆ। ਮੀਤ ਪ੍ਰਧਾਨ ਦੇ ਅਹੁਦੇ ਲਈ ਸਿਰਫ ਇਕ ਉਮੀਦਵਾਰ ਹਰਪ੍ਰੀਤ ਸਿੰਘ ਦੂਆ ਨੇ ਹੀ ਨਾਮਜੱਦਗੀ ਪੱਤਰ ਭਰੇ ਸਨ ਤੇ ਉਹ ਪਹਿਲਾਂ ਹੀ ਬਿਨਾ ਮੁਕਾਬਲੇ ਜੈਤੂ ਕਰਾਰ ਦਿੱਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਜਨਰਲ ਸਕੱਤਰ ਲਈ ਅਮਨਜੋਤ ਸਿੰਘ ਅਤੇ ਕਮਲ ਟੰਡਨ ਦੋ ਉਮੀਦਵਾਰਾਂ ਨੇ ਨਾਮਜੱਦਗੀ ਪੱਤਰ ਭਰੇ ਸਨ ਪਰ ਕਮਲ ਟੰਡਨ ਵੱਲੋਂ ਕਾਗਜ਼ ਵਾਪਿਸ ਲਏ ਜਾਣ ਕਾਰਨ ਅਮਨਜੋਤ ਸਿੰਘ ਨੇ ਵੀ ਬਿਨਾ ਮੁਕਾਬਲੇ ਚੋਣ ਜਿੱਤ ਲਈ। ਇਸ ਤੋਂ ਬਾਅਦ ਵਿਜੈ ਗੁਪਤਾ ਨੇ ਦੱਸਿਆ ਕਿ ਸਕੱਤਰ ਦੇ ਅਹੁਦੇ ਲਈ ਵਿਜੈ ਆਰੀਆ ਅਤੇ ਚਿਰਾਗ ਕਾਲੜਾ ਨੇ ਨਾਮਜੱਦਗੀ ਪੱਤਰ ਭਰੇ ਸਨ ਪਰ ਇਸ ਮੁਕਾਬਲੇ ਵਿਚ ਵਿਜੈ ਆਰੀਆ 4 ਵੋਟਾਂ ਦੇ ਫਰਕ ਨਾਲ ਚਿਰਾਗ ਕਾਲੜਾ ਤੇ ਜਿੱਤ ਗਏ। ਆਰੀਆ ਨੂੰ 63 ਵੋਟਾਂ ਪਈਆਂ ਜਦੋਂ ਕਿ ਕਾਲੜਾ ਨੂੰ 59 ਵੋਟਾਂ ਹੀ ਪੈ ਸਕੀਆਂ। ਅੰਤ ਵਿਚ ਉਹਨ੍ਹਾਂ ਦੱਸਿਆ ਕਿ ਖ਼ਜਾਨਚੀ ਦੇ ਅਹੁਦੇ ਲਈ ਵੀ ਦੋ ਨਾਮਜੱਦਗੀ ਪੱਤਰ ਭਰੇ ਗਏ ਸਨ ਤੇ ਰਿਤੇਸ਼ ਬਾਂਸਲ ਨੇ ਇਹ ਮੁਕਾਬਲਾ 9 ਵੋਟਾਂ ਨਾਲ ਜਿੱਤ ਲਿਆ। ਇਸ ਮੋਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਦੇਵਕੀ ਨੰਦਨ, ਹਰਪ੍ਰੀਤ ਸਿੰਘ ਦੂਆ ਅਤੇ ਵਿਜੈ ਆਰੀਆ ਸਮੇਤ ਹੋਰ ਜੈਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਇਸ ਵਿੱਦਿਆ ਦੇ ਮੰਦਰ ਲਈ ਹੋਈ ਚੋਣ ਬਹੁਤ ਪਾਰਦਰਸ਼ਤਾ ਨਾਲ ਹੋਈ ਹੈ ਤੇ ਜਿਸ ਦਾ ਸੇਹਰਾ ਚੋਣ ਅਧਿਕਾਰੀ ਵਿਜੈ ਗੁਪਤਾ ਨੂੰ ਜਾਂਦਾ ਹੈ। ਇਸੇ ਤਰ੍ਹਾਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਮੋਕੇ ਤੇ ਕਿਹਾ ਕਿ ਸੱਤਾਧਾਰੀਆਂ ਦੀ ਨੀਅਤ ਸਾਫ ਨਹੀਂ ਸੀ ਤੇ ਉਹ ਵਿੱਦਿਅਕ ਅਦਾਰੇ ਵਿਚ ਹੇਰਾ ਫੇਰੀ ਕਰਵਾਉਣਾ ਚਾਹੁੰਦੇ ਸਨ ਤੇ ਜਿਸ ਕਾਰਨ ਉਹਨਾਂ ਵੱਡੀ ਗਿਣਤੀ *ਚ ਪੁਲਿਸ ਫੋਰਸ ਤਾਇਨਾਤ ਕਰਵਾਈ ਜਦੋਂ ਕਿ ਅੱਜ ਤਕ ਦੇ ਇਤਿਹਾਸ ਵਿਚ ਕਦੀ ਨਹੀਂ ਹੋਇਆ। ਦੱਸਣਯੋਗ ਹੈ ਕਿ ਸਥਾਨਕ ਪਟੇਲ ਕਾਲਜ ਇਸ ਖੇਤਰ ਦਾ ਇੱਕੋ—ਇਕ ਵੱਡਾ ਵਿੱਦਿਅਕ ਅਦਾਰਾ ਹੈ ਤੇ ਇਸ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਹਰ 3 ਸਾਲ ਬਾਅਦ ਹੁੰਦੀ ਹੈ ਤੇ ਵੱਖ—ਵੱਖ ਸਿਆਸੀ ਪਾਰਟੀਆਂ ਇਸ ਚੋਣ ਨੂੰ ਜਿੱਤਣ ਲਈ ਅੱਡੀ ਚੋਟੀ ਦਾ ਜੋਰ ਲਗਾ ਦਿੰਦੀਆਂ ਹਨ।
ਫੋਟੋ ਕੈਪਸ਼ਨ—1—ਚੋਣ ਜਿੱਤਣ ਤੋਂ ਬਾਅਦ ਦੇਵਕੀ ਨੰਦਨ ਅਤੇ ਵਿਜੈ ਆਰੀਆ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਹੋਰ ਸਮਰਥੱਕਾਂ ਨਾਲ ਖੜ੍ਹੇ ਹੋਏ।ਤਸਵੀਰ—ਗੁਰਵਿੰਦਰ ਪਾਲ ਸਿੰਘ