ਦੋਨੋਂ ਨਸ਼ਾ ਤਸਕਰ ਬਾਹਰਲੇ ਰਾਜਾਂ ਤੋਂ ਅਫੀਮ ਲਿਆ ਕਰ ਡੇਰਾਬੱਸੀ,ਜੀਰਕਪੁਰ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਕਰਦੇ ਸਨ ਸਪਲਾਈ
ਡੇਰਾਬੱਸੀ,10 ਜਨਵਰੀ(ਹਿਮਾਂਸ਼ੂ ਹੈਰੀ): ਹਲਕਾ ਡੇਰਾਬੱਸੀ ਅਧੀਨ ਪੈਂਦੀ ਮੁਬਾਰਿਕਪੁਰ ਪੁਲਿਸ ਚੌਕੀ ਨੇ ਗੁਪਤ ਸੂਚਨਾ ਦੇ ਆਧਾਰ ਤੇ ਦੋ ਨਸ਼ਾ ਤਸਕਰਾਂ ਨੂੰ ਅਫੀਮ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਵੇਂ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਾਹਰ ਸਿੰਘ ਚੌਕੀ ਇੰਚਾਰਜ ਮੁਬਾਰਿਕਪੁਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਸਪੈਸ਼ਲ ਨਾਕਾਬੰਦੀ ਦੇ ਸਬੰਧ ਵਿਚ ਨੇੜੇ ਪੀ.ਡਬਲਯੂ.ਡੀ ਰੈਸਟ ਹਾਊਸ ਮੁਬਾਰੀਕਪੁਰ ਵਿਖੇ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਮੁਖਬਰ ਪਾਸੋ ਇਤਲਾਹ ਮਿਲੀ ਸੀ ਕਿ ਪ੍ਰਭਜੋਤ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਲੁਧਿਆਣਾ ਅਤੇ ਲਖਵੀਰ ਸਿੰਘ ਪੁੱਤਰ ਅਮਰਪਾਲ ਸਿੰਘ ਵਾਸੀ ਲੁਧਿਆਣਾ ਜੋ ਕਿ ਭਾਰੀ ਮਾਤਰਾ ਵਿਚ ਬਾਹਰਲੇ ਰਾਜਾਂ ਤੋਂ ਅਫੀਮ ਲਿਆ ਕੇ ਡੇਰਾਬੱਸੀ,ਜੀਰਕਪੁਰ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਸਪਲਾਈ ਕਰਨ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਵੀ ਪ੍ਰਭਜੋਤ ਸਿੰਘ ਸਮੇਤ ਲਖਵੀਰ ਸਿੰਘ ਦੇ ਆਪਣੀ ਕਾਰ ਨੰਬਰ ਪੀਬੀ-10-ਐੱਫਯੂ-1888 ਮਾਰਕਾ ਸਵਿਫਟ ਡਿਜਾਇਰ ਰੰਗ ਚਿੱਟਾ ਵਿਚ ਸਵਾਰ ਹੋ ਕੇ ਡੇਰਾਬੱਸੀ ਤੋਂ ਮੁਬਾਰਿਕਪੁਰ ਵੱਲ ਨੂੰ ਆ ਰਹੇ ਸੀ। ਜਿਨ੍ਹਾਂ ਨੂੰ ਪੁਲਿਸ ਨੇ ਨਾਕਾਬੰਦੀ ਕਰਕੇ ਰੁਕਣ ਦਾ ਇਸ਼ਾਰਾ ਕੀਤਾ ਅਤੇ ਜਦੋਂ ਦੋਹਾ ਦੀ ਚੈਕਿੰਗ ਕੀਤੀ ਤਾਂ ਉਨ੍ਹਾਂ ਪਾਸੋਂ 900 ਗ੍ਰਾਮ ਅਫੀਮ ਬਰਾਮਦ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।