ਸਕੂਲਾਂ ਦੇ ਸਿਲੇਬਸ ‘ਚ ਨਸ਼ਿਆਂ ਖ਼ਿਲਾਫ਼ ਵਿਸ਼ਾ ਸੂਬੇ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵੱਲ ਵਧਿਆ ਕਦਮ: ਨੀਨਾ ਮਿੱਤਲ

ਰਾਜਪੁਰਾ,01 ਅਗਸਤ (ਹਿਮਾਂਸ਼ੂ ਹੈਰੀ):ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਸਿਲੇਬਸ ਵਿੱਚ ਨਸ਼ਿਆਂ ਖ਼ਿਲਾਫ਼ ਵਿਸ਼ੇ ਨੂੰ ਲਾਜ਼ਮੀ ਬਣਾਉਣ ਦੀ ਨਵੀਨਤਮ ਪਹੁੰਚ ਨੂੰ ਹਲਕਾ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਸੂਬੇ ਦੇ ਸੁਨਹਿਰੀ ਭਵਿੱਖ ਲਈ ਇਤਿਹਾਸਕ ਕਦਮ ਕਰਾਰ ਦਿੱਤਾ ਹੈ।ਮੈਡਮ ਨੀਨਾ ਮਿੱਤਲ ਨੇ ਪਾਰਟੀ ਦੇ ਰਾਸ਼ਟਰੀ ਸੰਯੋਜਕ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਅਤੇ ਸੂਬਾ ਇੰਚਾਰਜ ਸ੍ਰੀ ਮੁਨੀਸ਼ ਸਿਸੋਦੀਆ ਦੀ ਦੂਰਅੰਦੈਸ਼ੀ ਦੀ ਖੁੱਲ੍ਹੀ ਦਿਲੋਂ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਫੈਸਲਾ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ‘ਚ ਧੱਕਣ ਦੀ ਬਜਾਏ, ਉਹਨਾਂ ਨੂੰ ਨਵੀਂ ਦਿਸ਼ਾ ਵਿਖਾਉਣ ਵਾਲਾ ਉਪਰਾਲਾ ਹੈ।ਉਹਨਾਂ ਕਿਹਾ ਕਿ ਨੌਂਵੀ ਤੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਨਸ਼ਿਆਂ ਖ਼ਿਲਾਫ਼ ਵਿਸ਼ਾ ਲਾਜ਼ਮੀ ਹੋਣ ਨਾਲ ਵਿਦਿਆਰਥੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਨਾ ਸਿਰਫ ਜਾਣੂ ਹੋਣਗੇ, ਸਗੋਂ ਉਹ ਨਸ਼ੇ ਤੋਂ ਦੂਰ ਰਹਿਣ ਦੀ ਸੋਚ ਵੀ ਵਿਕਸਿਤ ਕਰਨਗੇ। ਇਹ ਵਿਸ਼ਾ ਉਹਨਾਂ ਦੀ ਨੈਤਿਕਤਾ ਅਤੇ ਸਿਹਤ ਦੋਵਾਂ ‘ਤੇ ਸਕਾਰਾਤਮਕ ਅਸਰ ਛੱਡੇਗਾ।ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਮਾਨ ਸਰਕਾਰ ਨਸ਼ਿਆਂ ਵਿਰੁੱਧ ਜੰਗ ਨੂੰ ਸਿਰਫ ਕਾਨੂੰਨੀ ਪੱਧਰ ‘ਤੇ ਹੀ ਨਹੀਂ, ਸਗੋਂ ਸਮਾਜਿਕ ਅਤੇ ਸਿੱਖਿਆਤਮਕ ਪੱਧਰ ‘ਤੇ ਵੀ ਲੈ ਕੇ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲੀ ਪੱਧਰ ‘ਤੇ ਨਸ਼ਾ ਮੁਕਤੀ ਸੰਦੇਸ਼ ਦੇਣ ਨਾਲ ਪੂਰੇ ਪਰਿਵਾਰ ਅਤੇ ਸਮਾਜ ਉੱਤੇ ਵੀ ਚੰਗਾ ਪ੍ਰਭਾਵ ਪਵੇਗਾ।ਮੈਡਮ ਨੀਨਾ ਮਿੱਤਲ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਸਿੱਖਿਆ ਨਾਲ ਜੁੜੇ ਅਧਿਆਪਕਾਂ ਦੀ ਭੂਮਿਕਾ ਇਸ ਮੁਹਿੰਮ ਵਿੱਚ ਕੇਂਦਰੀ ਰਹੇਗੀ। ਅਧਿਆਪਕ, ਮਾਤਾ-ਪਿਤਾ ਅਤੇ ਸਮਾਜ ਦੇ ਹੋਰ ਹਿੱਸੇਦਾਰ ਮਿਲਕੇ ਨਸ਼ੇ ਵਿਰੁੱਧ ਇਕ ਮਜ਼ਬੂਤ ਚੇਤਨਾ ਵਧਾ ਸਕਦੇ ਹਨ। ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਇਹ ਪਹਿਲ ਸਿਰਫ਼ ਇੱਕ ਵਿਸ਼ਾ ਨਹੀਂ, ਸਗੋਂ ਇੱਕ ਲਹਿਰ ਹੈ ਜੋ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾ ਕੇ ਸਿਹਤਮੰਦ, ਉਤਸ਼ਾਹੀਤ ਅਤੇ ਸੰਵੇਦਨਸ਼ੀਲ ਨਾਗਰਿਕ ਬਣਾਉਣ ਦੀ ਯਾਤਰਾ ਦੀ ਸ਼ੁਰੂਆਤ ਹੈ।

Leave a Reply

Your email address will not be published. Required fields are marked *