ਕਿਸਾਨਾਂ ਦੀ ਅਵਾਜ਼ ਬਣੇ ਵਿਧਾਇਕ ਗੁਰਲਾਲ ਘਨੌਰ ਵਿਧਾਨ ਸਭਾ ਵਿੱਚ ਚੁੱਕਿਆ ਨਕਲੀ ਬੀਜਾਂ ਦਾ ਮੁੱਦਾ 

ਸੀਡ (ਪੰਜਾਬ ਸੋਧ) ਬਿੱਲ ਪਾਸ ਹੋਣ ਨਾਲ ਖੇਤੀਬਾੜੀ ਖੇਤਰ ਵਿੱਚ ਨਵਾਂ ਭਰੋਸਾ ਤੇ ਨਵੀਂ ਤਾਕਤ ਪੈਦਾ ਹੋਵੇਗੀ: ਗੁਰਲਾਲ ਘਨੌਰ 


ਪਟਿਆਲਾ/ਘਨੌਰ,01 ਅਕਤੂਬਰ (ਹਿਮਾਂਸ਼ੂ ਹੈਰੀ):ਪੰਜਾਬ ਦੇ ਕਿਸਾਨਾਂ ਲਈ ਉੱਚ ਗੁਣਵੱਤਾ ਵਾਲੇ ਬੀਜਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋਇਆ ‘ਸੀਡ (ਪੰਜਾਬ ਸੋਧ) ਬਿੱਲ’ ਕਿਸਾਨੀ ਖੇਤਰ ਵਿੱਚ ਇੱਕ ਇਤਿਹਾਸਕ ਪੜਾਅ ਸਾਬਤ ਹੋਵੇਗਾ। ਇਸ ਮਸਲੇ ‘ਤੇ ਵਿਧਾਨ ਸਭਾ ਵਿੱਚ ਆਪਣੇ ਖ਼ਾਸ ਅੰਦਾਜ਼ ਵਿੱਚ ਗੂੰਜਦਿਆਂ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੇ ਸਪੱਸ਼ਟ ਕੀਤਾ ਕਿ ਕਿਸਾਨਾਂ ਨਾਲ ਧੋਖਾ ਕਰਨ ਵਾਲੇ ਬੀਜਾਂ ਦੇ ਨਕਲੀ ਵਿਕਰੇਤਾਵਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਨੂੰ ਲਾਜ਼ਮੀ ਕੀਤਾ ਜਾਵੇ ।ਵਿਧਾਇਕ ਗੁਰਲਾਲ ਘਨੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਕਲੀ ਬੀਜਾਂ ਦੇ ਕਾਰਨ ਕਿਸਾਨ ਨੂੰ ਦੋਹਰੀ ਮਾਰ ਸਹਿਣੀ ਪੈਂਦੀ ਹੈ। ਇਕ ਪਾਸੇ ਕਿਸਾਨ ਆਪਣਾ ਕੀਮਤੀ ਸਮਾਂ ਗੁਆ ਬੈਠਦਾ ਹੈ ਅਤੇ ਦੂਜੇ ਪਾਸੇ ਪੈਦਾਵਾਰ ਵਿੱਚ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਇਸ ਕਰਕੇ ਬੀਜਾਂ ਵਿੱਚ ਹੋ ਰਹੀ ਧੋਖਾਧੜੀ ਨੂੰ ਰੋਕਣ ਲਈ ਸੋਧ ਬਿਲ ਦਾ ਆਉਣਾ ਬਹੁਤ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਾਸ ਕੀਤੇ ਗਏ ਇਸ ਬਿੱਲ ਵਿੱਚ ਸਖ਼ਤ ਕਾਰਵਾਈ ਦੇ ਨਿਯਮ ਬਣਾਏ ਗਏ ਹਨ। ਬਿੱਲ ਅਨੁਸਾਰ, ਜੇਕਰ ਕੋਈ ਕੰਪਨੀ ਪਹਿਲੀ ਵਾਰ ਨਕਲੀ ਬੀਜ ਵੇਚਦੀ ਪਾਈ ਜਾਂਦੀ ਹੈ ਤਾਂ ਉਸਨੂੰ ਇੱਕ ਤੋਂ ਦੋ ਸਾਲ ਦੀ ਸਜ਼ਾ ਹੋਵੇਗੀ, ਨਾਲ ਹੀ 5 ਲੱਖ ਤੋਂ 10 ਲੱਖ ਰੁਪਏ ਤੱਕ ਜੁਰਮਾਨਾ ਲੱਗੇਗਾ। ਇਸ ਕਾਨੂੰਨੀ ਪੱਖ ਨਾਲ ਨਕਲੀ ਬੀਜਾਂ ਦੇ ਵਿਕਰੇਤਾਵਾਂ ‘ਤੇ ਸਰਕਾਰ ਦੀ ਸਖ਼ਤੀ ਸਾਫ਼ ਦਿਖਦੀ ਹੈ। ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਇਹ ਬਿੱਲ ਕਿਸਾਨੀ ਖੇਤਰ ਵਿੱਚ ਵੱਡੀ ਤਬਦੀਲੀ ਲਿਆਏਗਾ। ਹੁਣ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਪ੍ਰਮਾਣਿਤ ਬੀਜ ਮਿਲਣਗੇ, ਜਿਸ ਨਾਲ ਫ਼ਸਲ ਦੀ ਪੈਦਾਵਾਰ ਵਿੱਚ ਕੁਦਰਤੀ ਤੌਰ ‘ਤੇ ਵਾਧਾ ਹੋਵੇਗਾ।ਕਿਸਾਨਾਂ ਲਈ ਜਾਗਰੂਕਤਾ ਕੈਂਪਾਂ ਦੀ ਲੋੜ ਵਿਧਾਇਕ ਗੁਰਲਾਲ ਘਨੌਰ ਨੇ ਆਪਣੇ ਸੰਬੋਧਨ ਵਿੱਚ ਇਹ ਵੀ ਦਰਸਾਇਆ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਭਾਵੇਂ ਸਰਕਾਰ ਵੱਲੋਂ ਵੱਖ-ਵੱਖ ਕੈਂਪ ਲਗਾਏ ਜਾਂਦੇ ਹਨ, ਪਰ ਫਿਰ ਵੀ ਭੈੜੀ ਨੀਅਤ ਵਾਲੀਆਂ ਕੁਝ ਕੰਪਨੀਆਂ ਕਿਸਾਨਾਂ ਨੂੰ ਚੰਗੀ ਪੈਦਾਵਾਰ ਦੇ ਖ਼ੁਆਬ ਵਿਖਾ ਕੇ ਗੁੰਮਰਾਹ ਕਰ ਦਿੰਦੀਆਂ ਹਨ। ਆਖ਼ਰਕਾਰ, ਕਿਸਾਨ ਉਹਨਾਂ ਦੇ ਧੋਖੇ ਵਿੱਚ ਆ ਕੇ ਨਕਲਬੀਜ ਖਰੀਦ ਲੈਂਦੇ ਹਨ ਅਤੇ ਦੋਹਰਾ ਨੁਕਸਾਨ ਝੱਲਦੇ ਹਨ। ਇਸ ਲਈ ਜਾਗਰੂਕਤਾ ਮੁਹਿੰਮਾਂ ਨੂੰ ਹੋਰ ਵੱਡੇ ਪੱਧਰ ‘ਤੇ ਚਲਾਉਣ ਦੀ ਲੋੜ ਹੈ।ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਪ੍ਰਮਾਣਿਤ ਬੀਜਾਂ ਦੀ ਇਕ ਅਧਿਕਾਰਤ ਸੂਚੀ ਤਿਆਰ ਕਰਕੇ ਪਿੰਡਾਂ ਅਤੇ ਕਸਬਿਆਂ ਵਿੱਚ ਵੰਡਣੀ ਚਾਹੀਦੀ ਹੈ, ਤਾਂ ਜੋ ਕਿਸਾਨ ਬੀਜ ਖਰੀਦਣ ਸਮੇਂ ਧੋਖੇ ਦਾ ਸ਼ਿਕਾਰ ਨਾ ਹੋਣ।ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਕੇਵਲ ਕਿਸਾਨਾਂ ਹੀ ਨਹੀਂ, ਸਗੋਂ ਬੀਜ ਵੇਚਣ ਵਾਲੇ ਹਰ ਇਕ ਦੁਕਾਨਦਾਰ ਨੂੰ ਵੀ ਪ੍ਰਮਾਣਿਤ ਬੀਜਾਂ ਦੀ ਸੂਚੀ ਪ੍ਰਦਾਨ ਕੀਤੀ ਜਾਵੇ। ਇਸ ਨਾਲ ਬੀਜ ਖਰੀਦਣ ਤੇ ਵੇਚਣ ਦੋਹਾਂ ਪਾਸਿਆਂ ‘ਤੇ ਪਾਰਦਰਸ਼ਤਾ ਆਏਗੀ ਅਤੇ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਬੀਜ ਉਪਲਬਧ ਹੋਣਗੇ।ਵਿਧਾਇਕ ਘਨੌਰ ਨੇ ਸਦਨ ਵਿੱਚ ਸਾਫ਼ ਕਿਹਾ ਕਿ ਜੋ ਵੀ ਕਿਸਾਨਾਂ ਨਾਲ ਧੋਖਾ ਕਰਦਾ ਹੈ ਉਸਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਦੀ ਮੰਗ ਸੀ ਕਿ ਨਕਲੀ ਬੀਜ ਵੇਚਣ ਵਾਲਿਆਂ ਉੱਤੇ ਨਾ ਕੇਵਲ ਸਖ਼ਤ ਸਜ਼ਾਵਾਂ ਲਗਾਈਆਂ ਜਾਣ, ਸਗੋਂ ਉਨ੍ਹਾਂ ਦੇ ਲਾਇਸੰਸ ਵੀ ਰੱਦ ਕੀਤੇ ਜਾਣ। ਇਸ ਨਾਲ ਭਵਿੱਖ ਵਿੱਚ ਕੋਈ ਵੀ ਕੰਪਨੀ ਕਿਸਾਨਾਂ ਨਾਲ ਧੋਖਾ ਕਰਨ ਦੀ ਹਿੰਮਤ ਨਹੀਂ ਕਰੇਗੀ। ਕਿਸਾਨੀ ਖੇਤਰ ਵਿੱਚ ਆਵੇਗੀ ਇਨਕਲਾਬੀ ਤਬਦੀਲੀ ਵਿਧਾਇਕ ਗੁਰਲਾਲ ਘਨੌਰ ਨੇ ਵਿਸ਼ਵਾਸ ਜਤਾਇਆ ਕਿ ਨਵੇਂ ਸੋਧ ਬਿੱਲ ਨਾਲ ਕਿਸਾਨਾਂ ਨੂੰ ਗੁਣਵੱਤਾ ਵਾਲੇ ਬੀਜ ਉਪਲਬਧ ਹੋਣਗੇ। ਜਦੋਂ ਕਿਸਾਨ ਚੰਗੇ ਬੀਜਾਂ ਨਾਲ ਖੇਤੀ ਕਰੇਗਾ ਤਾਂ ਨਾ ਸਿਰਫ਼ ਉਸਦੀ ਆਮਦਨ ਵਧੇਗੀ, ਸਗੋਂ ਪੰਜਾਬ ਦੀ ਖੇਤੀਬਾੜੀ ਵੀ ਮਜ਼ਬੂਤ ਹੋਵੇਗੀ।ਉਨ੍ਹਾਂ ਕਿਹਾ ਕਿ ਨਕਲੀ ਬੀਜਾਂ ਦੇ ਕਾਰਨ ਜਿਹੜੀ ਦਹਿਸ਼ਤ ਕਿਸਾਨਾਂ ਵਿੱਚ ਪੈਦਾ ਹੋ ਰਹੀ ਸੀ, ਉਹ ਹੁਣ ਖਤਮ ਹੋਵੇਗੀ। ਨਵੀਂ ਕਾਨੂੰਨੀ ਪਾਬੰਦੀ ਨਾਲ ਨਾ ਕੇਵਲ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਹੋਵੇਗੀ, ਸਗੋਂ ਪੰਜਾਬ ਦੇ ਖੇਤੀਬਾੜੀ ਖੇਤਰ ਵਿੱਚ ਇੱਕ ਇਨਕਲਾਬੀ ਤਬਦੀਲੀ ਆਵੇਗੀ। ਵਿਧਾਇਕ ਗੁਰਲਾਲ ਘਨੌਰ ਦੀ ਵਿਧਾਨ ਸਭਾ ਵਿੱਚ ਗੂੰਜੀ ਆਵਾਜ਼ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਉਹ ਕਿਸਾਨਾਂ ਦੇ ਸੱਚੇ ਹਕਦਾਰ ਪ੍ਰਤੀਨਿਧੀ ਹਨ। ‘ਸੀਡ (ਪੰਜਾਬ ਸੋਧ) ਬਿੱਲ’ ਦੇ ਪਾਸ ਹੋਣ ਨਾਲ ਜਿੱਥੇ ਕਿਸਾਨਾਂ ਨੂੰ ਨਕਲੀ ਬੀਜਾਂ ਦੇ ਧੋਖੇ ਤੋਂ ਛੁਟਕਾਰਾ ਮਿਲੇਗਾ, ਉਥੇ ਖੇਤੀਬਾੜੀ ਖੇਤਰ ਵਿੱਚ ਨਵਾਂ ਭਰੋਸਾ ਤੇ ਨਵੀਂ ਤਾਕਤ ਪੈਦਾ ਹੋਵੇਗੀ।



Leave a Reply

Your email address will not be published. Required fields are marked *