ਆਮ ਆਦਮੀ ਕਲੀਨਿਕਾਂ ‘ਚ ਵਟਸਐਪ ਚੈਟਬੋਟ ਦੀ ਸ਼ੁਰੂਆਤ ਨਾਲ ਸਮਾਂ ਅਤੇ ਸੰਸਾਧਨਾਂ ਦੀ ਹੋਵੇਗੀ ਬਚਤ: ਗੁਰਲਾਲ ਘਨੌਰ
ਮਾਨ ਸਰਕਾਰ ਪੰਜਾਬ ਨੂੰ ਸਿਹਤ ਸੇਵਾਵਾਂ ਦੇ ਮਾਮਲੇ ‘ਚ ਦੇਸ਼ ਦਾ ਮਾਡਲ ਸੂਬਾ ਬਣਾਉਣ ਲਈ ਯਤਨਸ਼ੀਲ

ਪਟਿਆਲਾ/ਘਨੌਰ,03 ਅਗਸਤ (ਹਿਮਾਂਸ਼ੂ ਹੈਰੀ):ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਆਮ ਲੋਕਾਂ ਤੱਕ ਉਨ੍ਹਾਂ ਦੀ ਸੌਖੀ ਪਹੁੰਚ ਯਕੀਨੀ ਬਣਾਉਣ ਵਾਸਤੇ ਨਵੇਂ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚ ਤਾਜ਼ਾ ਪੇਸਕਦਮੀ ਵਜੋਂ ਆਮ ਆਦਮੀ ਕਲੀਨਿਕਾਂ ‘ਚ ਵਟਸਐਪ ਚੈਟਬੋਟ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਰਾਹੀਂ ਹੁਣ ਮਰੀਜ਼ਾਂ ਨੂੰ ਆਪਣੇ ਇਲਾਜ ਸਬੰਧੀ ਜਾਣਕਾਰੀ ਆਪਣੇ ਮੋਬਾਈਲ ‘ਤੇ ਹੀ ਉਪਲਬਧ ਹੋ ਜਾਵੇਗੀ।ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹਲਕਾ ਘਨੌਰ ਤੋਂ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਹਲਕਾ ਦੇ ਵੱਖ-ਵੱਖ ਪਿੰਡ ਵਿੱਚ ਯੁੱਧ ਨਸ਼ਿਆਂ ਵਿਰੁੱਧ ਨਸ਼ਾ ਮੁਕਤੀ ਯਾਤਰਾ ਦੌਰਾਨ ਪਿੰਡਾ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨਾ ਕਿਹਾ ਕਿ ਲੋਕਾਂ ਨੇ ਜਾਗਰੂਕਤਾ ਸਮਾਗਮ ਵਿੱਚ ਭਰਪੂਰ ਉਤਸ਼ਾਹ ਨਾਲ ਹਿੱਸਾ ਲਿਆ।ਇਸ ਯਾਤਰਾ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਜਨਤਾ ਵਿਚ ਜਾਗਰੂਕਤਾ ਫੈਲਾਉਣੀ ਅਤੇ ਇਕ ਨਸ਼ਾ ਮੁਕਤ ਸਮਾਜ ਦੀ ਨੀਂਹ ਰਖਣੀ ਹੈ। ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਲਈ ਹਰ ਰੋਜ਼ ਲੋਕ-ਹਿਤੈਸ਼ੀ ਫੈਸਲੇ ਲਏ ਜਾ ਰਹੇ ਹਨ, ਜੋ ਸਿੱਧੇ ਤੌਰ ‘ਤੇ ਆਮ ਨਾਗਰਿਕਾ ਦੀ ਜ਼ਿੰਦਗੀ ‘ਚ ਸੁਧਾਰ ਲਿਆ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿਚ ਸ਼ੁਰੂ ਕੀਤੀ ਗਈ ਵਟਸਐਪ ਚੈਟਬੋਟ ਸੇਵਾ ਦੇ ਜ਼ਰੀਏ ਹੁਣ ਮਰੀਜ਼ ਘਰ ਬੈਠੇ ਹੀ ਡਾਕਟਰ ਦੀ ਪਰਚੀ, ਦਵਾਈ ਅਤੇ ਟੈਸਟ ਰਿਪੋਰਟਾਂ ਸਬੰਧੀ ਜਾਣਕਾਰੀ ਆਪਣੇ ਫ਼ੋਨ ਰਾਹੀਂ ਲੈ ਸਕਣਗੇ। ਇਸ ਨਾਲ ਨਾ ਕੇਵਲ ਕਾਗਜ਼ੀ ਕਾਰਵਾਈ ਘੱਟ ਹੋਵੇਗੀ, ਸਗੋਂ ਸਮਾਂ ਅਤੇ ਸੰਸਾਧਨਾਂ ਦੀ ਵੀ ਬਚਤ ਹੋਵੇਗੀ।ਵਿਧਾਇਕ ਘਨੌਰ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਨਵੀਨਤਮ ਤਕਨੀਕ ਦੇ ਵਰਤਾਰਿਆਂ ਰਾਹੀਂ ਆਮ ਆਦਮੀ ਨੂੰ ਮਿਆਰੀ ਸੇਵਾਵਾਂ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੂਬੇ ਵਿੱਚ ਸੈਂਕੜੇ ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਹੇ ਹਨ, ਜਿੱਥੇ ਰੋਜ਼ਾਨਾ ਹਜ਼ਾਰਾਂ ਲੋਕ ਇਲਾਜ ਦੀ ਸਹੂਲਤ ਲੈ ਰਹੇ ਹਨ।ਇਸੇ ਕੜੀ ਹੇਠ ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਹੋਰ 200 ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ, ਜਿਸ ਨਾਲ ਪਿੰਡ-ਪਿੰਡ ਤੱਕ ਮਿਆਰੀ ਸਿਹਤ ਸੇਵਾਵਾਂ ਦੀ ਪਹੁੰਚ ਹੋਵੇਗੀ। ਇਨ੍ਹਾਂ ਦੇ ਨਾਲ-ਨਾਲ ਸਰਕਾਰੀ ਹਸਪਤਾਲਾਂ ਨੂੰ ਵੀ ਆਧੁਨਿਕ ਮਸ਼ੀਨਾਂ ਅਤੇ ਸਾਧਨਾਂ ਨਾਲ ਲੈਸ ਕਰਕੇ ਇਨ੍ਹਾਂ ਦੀ ਕਾਰਗੁਜ਼ਾਰੀ ਨੂੰ ਹੋਰ ਵਧਾਇਆ ਜਾਵੇਗਾ।ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਨੂੰ ਸਿਹਤ ਸੇਵਾਵਾਂ ਦੇ ਮਾਮਲੇ ‘ਚ ਦੇਸ਼ ਦਾ ਮਾਡਲ ਸੂਬਾ ਬਣਾਉਣ ਵੱਲ ਤੀਬਰਤਾ ਨਾਲ ਅੱਗੇ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਕੋਸ਼ਿਸ਼ਾਂ ਪੰਜਾਬ ਦੇ ਆਮ ਨਾਗਰਿਕ ਦੀ ਤੰਦਰੁਸਤੀ ਅਤੇ ਸੁਖੀ ਜੀਵਨ ਵੱਲ ਇੱਕ ਵੱਡਾ ਕਦਮ ਹਨ।ਇਸ ਮੌਕੇ ਸਬੰਧਤ ਅਧਿਕਾਰੀ , ਸਹਿਜਪਾਲ ਸਿੰਘ ਲਾਡਾ ਨਨਹੇੜਾ,ਪ੍ਰਗਟ ਸਿੰਘ ਸਰਪੰਚ ਰਾਜਗੜ੍ਹ,ਸਰਪੰਚ ਜੋਧਵੀਰ ਸਿੰਘ ਘੜਾਮਾ ਖੁਰਦ, ਨਿਸ਼ਾਨ ਸਿੰਘ ਸੰਧੂ, ਸਰਪੰਚ ਜੱਗਾ ਨਨਹੇੜਾ, ਧੀਰਾ ਪਟਵਾਰੀ,ਆਪ ਆਗੂ ਅੰਗਰੇਜ਼ ਸਿੰਘ,ਕੋਚ ਕੁਲਵੰਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡਾ ਦੇ ਪੰਚ ਸਰਪੰਚ ਅਤੇ ਪਿੰਡ ਵਾਸੀਆਂ ਸਮੇਤ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇ ਆਹੁਦੇਦਾਰ ਮੌਜੂਦ ਸਨ।