
ਰਾਜਪੁਰਾ, 12 ਅਗਸਤ(ਹਿਮਾਂਸ਼ੂ ਹੈਰੀ):ਪੰਜਾਬ ਭਰ ਵਿਚ ਕੱਚੇ ਕਾਮਿਆ ਨੂੰ ਰੈਗੂਲਰ ਕਰਾਉਣ ਦੀ ਮੰਗ ਸਬੰਧੀ ਨਗਰ ਕੌਂਸਲ ਰਾਜਪੁਰਾ ਵਿਖੇ ਸੰਜੂ ਪ੍ਰਧਾਨ ਅਤੇ ਕਰਮਚਾਰੀ ਦਲ ਪੰਜਾਬ ਭਗੜਾਣਾ ਵੱਲੋਂ ਪ੍ਰਧਾਨ ਨਰੇਸ਼ ਕੁਮਾਰ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੜਤਾਲ ਅੱਜ 5ਵੇਂ ਦਿਨ ਵਿਚ ਦਾਖਲ ਹੋ ਗਈ ਹੈ।ਹੜਤਾਲੀ ਯੂਨੀਅਨ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਜਸਵੀਰ ਕੁਮਾਰ ਨਾਹਰ ਪ੍ਰਧਾਨ ਭਾਰਤੀਯ ਮਜ਼ਦੂਰ ਸੰਘ, ਵਾਈਸ ਪ੍ਰਧਾਨ ਸੁਖਜਿੰਦਰ ਸੁੱਖੀ, ਪ੍ਰਧਾਨ ਹੰਸ ਰਾਜ ਦੀ ਅਗਵਾਈ ਹੇਠ ਸਫ਼ਾਈ ਸੇਵਕ ਯੂਨੀਅਨ ਰਾਜਪੁਰਾ ਵੱਲੋਂ ਪੂਰੀ ਟੀਮ ਦਾ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਲਈ ਭਰਵਾਂ ਸਮਰਥਨ ਦੇਣ ਦਾ ਐਲਾਨ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਹੰਸ ਰਾਜ ਬਨਵਾੜੀ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਇਸ ਧਰਨੇ ਦਾ ਪੂਰੀ ਤਰਾਂ ਨਾਲ ਸਮਰਥਨ ਕਰਦੀ ਹੈ।ਉਨ੍ਹਾਂ ਕਿਹਾ ਕਿ ਯੂਨੀਅਨ ਅਜੇ ਸਰਕਾਰ ਦਾ ਰੁਖ ਦੇਖ ਰਹੀ ਹੈ ਅਤੇ ਜੇਕਰ ਸਰਕਾਰ ਨੇ ਕੋਈ ਹਾਂ ਪੱਖੀ ਹੁੰਗਾਰਾ ਨਾ ਭਰਿਆ ਤਾਂ ਉਨ੍ਹਾਂ ਦੀ ਯੂਨੀਅਨ ਵੀ ਹੜਤਾਲ ਉਪਰ ਚਲੀ ਜਾਵੇਗੀ।ਮੀਡੀਆ ਨਾਲ ਗੱਲਬਾਤ ਕਰਦਿਆਂ ਸੰਜੂ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾ ਪ੍ਰਤੀ ਘੇਸਲ ਮਾਰ ਕੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ 14 ਅਗਸਤ ਨੂੰ ਸੰਗਰੂਰ ਵਿਖੇ ਝੰਡਾ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਵਿਚ ਉਹ ਵੱਧ ਚੜ੍ਹ ਕੇ ਹਿੱਸਾ ਲੈਣਗੇ।ਉਨ੍ਹਾਂ ਦੱਸਿਆ ਕਿ ਉਹ 15 ਅਗਸਤ ਨੂੰ ਕਾਲ਼ੀ ਅਜ਼ਾਦੀ ਮਨਾਉਣਗੇ।ਜ਼ਿਕਰਯੋਗ ਹ ਕਿ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਦੀ ਅਗਵਾਈ ਹੇਠ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਲਗਭਗ ਇਕ ਮਹੀਨੇ ਤੋਂ ਹੜਤਾਲ ਚੱਲ ਰਹੀ ਹੈ।ਧਰਨੇ ਵਿਚ ਜਸਵੀਰ ਸਿੰਘ ਜੱਸੀ, ਸੁਮਿੱਤ ਕੁਮਾਰ,ਯੋਗੇਸ਼ ਸੈਣੀ,ਦਵਿੰਦਰ ਸਿੰਘ, ਸੁਸ਼ੀਲ ਕੁਮਾਰ (ਸ਼ੀਲਾ), ਗਗਨਦੀਪ ਸਿੰਘ,ਹਰਵਿੰਦਰ ਸਿੰਘ, ਸੰਦੀਪ ਜੋਸ਼ੀ, ਕ੍ਰਿਸ਼ਨ ਕੁਮਾਰ ਸਮੇਤ ਸੀਵਰਮੈਨ,ਜੈਟਿੰਗ ਮਸ਼ੀਨਾਂ ਦੇ ਡਰਾਈਵਰ,ਮਾਲੀ, ਬੇਲਦਾਰ ਅਤੇ ਪੰਪ ਓਪਰੇਟਰ ਮੌਜੂਦ ਸਨ।
ਕੈਪਸ਼ਨ:-ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਯੂਨੀਅਨ ਮੈਂਬਰ।