ਰਾਜਪੁਰਾ,15 ਮਈ(ਹਿਮਾਂਸ਼ੂ ਹੈਰੀ): ਆ ਰਹੀਆਂ ਲੋਕ ਸਭਾ ਚੋਣਾਂ 2024 ਦੇ ਮੱਦਦੇਨਜ਼ਰ ਮਾਣਯੋਗ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਅਤੇ ਐਸ.ਡੀ.ਐਮ. ਰਾਜਪੁਰਾ ਮੈਡਮ ਜਸਲੀਨ ਕੌਰ ਭੁੱਲਰ ਦੀ ਰਹਿਨੁਮਾਈ ਹੇਠ ਡਾ. ਗੁਰਪ੍ਰੀਤ ਸਿੰਘ ‘ਜੀਪੀ’ ਨੋਡਲ ਅਫ਼ਸਰ (ਸਵੀਪ) ਰਾਜਪੁਰਾ ਨੇ ਸੰਗਰਾਂਦ ਦੇ ਦਿਹਾੜੇ ਤੇ ਕੇਂਦਰੀ ਗੁਰੂਦਵਾਰਾ ਸਿੰਘ ਸਭਾ ਰਾਜਪੁਰਾ ਟਾਊਨ ਵਿਖ਼ੇ ਸੰਗਤਾਂ ਨੂੰ ਵੋਟ ਪਾਉਣ ਲਈ ਕੀਤਾ ਪ੍ਰੇਰਿਤ। ਗੁਰੂਦਵਾਰਾ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਅਬਰਿੰਦਰ ਸਿੰਘ ਕੰਗ ਜੀ ਨੇ ਡਾ. ਜੀਪੀ ਦਾ ਸੁਆਗਤ ਕੀਤਾ। ਡਾ. ਜੀਪੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਗੁਰੂ ਸਾਹਿਬਾਂ ਦੇ ਦੱਸੇ ਰਸਤੇ ਤੇ ਚਲਦੇ ਸਾਨੂੰ ਹਰ ਇੱਕ ਵੋਟਰ ਨੂੰ ਸੱਚ ਲਈ ਵੋਟ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਦੀਆਂ ਹਦਾਇਤਾਂ ਅਨੁਸਾਰ 01 ਜੂਨ 2024 ਤੋਂ ਪਹਿਲਾਂ ਰਾਜਪੁਰਾ ਦੇ ਸਾਰੇ ਗੁਰੂਦਵਾਰਾ ਸਾਹਿਬ ਵਿੱਚ ਅਤੇ ਹੋਰ ਵੀ ਹੋਣ ਵਾਲੇ ਧਾਰਮਿਕ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਸੰਗਤਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾਣਾ ਹੈ।ਇਸ ਮੌਕੇ ਗੁਰੂਦਵਾਰਾ ਪ੍ਰਬੰਧਕੀ ਕਮੇਟੀ ਦੇ ਸਾਰੇ ਹੀ ਮੈਂਬਰਾਂ ਮੌਜ਼ੂਦ ਸਨ।
