ਹੜ੍ਹਾਂ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਇੱਕ ਜੁੱਟਤਾ ਅਤੇ ਸਦਭਾਵਨਾ ਦੀ ਲੋੜ: ਵਿਧਾਇਕ ਗੁਰਲਾਲ ਘਨੌਰ
ਹਲਕਾ ਘਨੌਰ ਦੇ ਘੱਗਰ ਨੇੜਲੇ ਪਿੰਡਾਂ ਨੂੰ ਚੌਕਸ ਰਹਿਣ ਦੀ ਲੋੜ


ਪਟਿਆਲਾ/ਘਨੌਰ,01 ਅਗਸਤ (ਹਿਮਾਂਸ਼ੂ ਹੈਰੀ):ਪੰਜਾਬ ਇਸ ਸਮੇਂ ਕੁਦਰਤੀ ਆਪਦਾ ਦੇ ਚੰਗਲ ਵਿਚੋਂ ਗੁਜ਼ਰ ਰਿਹਾ ਹੈ। ਪਹਾੜੀ ਖੇਤਰਾਂ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਸੂਬੇ ਦੇ ਕਈ ਇਲਾਕੇ ਹੜ੍ਹਾਂ ਦੀ ਲਪੇਟ ਵਿੱਚ ਹਨ। ਦਰਜਨਾਂ ਪਿੰਡ ਪਾਣੀ ਨਾਲ ਘਿਰ ਗਏ ਹਨ, ਲੋਕ ਬੇਘਰ ਹੋ ਰਹੇ ਹਨ, ਖੇਤਾਂ ਵਿੱਚ ਖੜੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ ਅਤੇ ਘਰਾਂ ਵਿੱਚ ਬੱਝੇ ਪਸ਼ੂ ਵੀ ਹਲਾਕ ਹੋਣ ਲੱਗੇ ਹਨ। ਇਸ ਔਖੇ ਸਮੇਂ ਵਿੱਚ ਜਿੱਥੇ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਅਤੇ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣ ਦੇ ਯਤਨ ਜਾਰੀ ਹਨ, ਉੱਥੇ ਕਈ ਸਮਾਜਕ ਤੇ ਕਿਸਾਨ ਸੰਸਥਾਵਾਂ ਵੀ ਸੇਵਾ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।ਇਸ ਮੌਕੇ ਹਲਕਾ ਘਨੌਰ ਵਿਧਾਇਕ ਗੁਰਲਾਲ ਘਨੌਰ ਨੇ ਅੱਜ ਘੱਗਰ ਨਦੀ ਸਰਾਲਾ ਨੇੜੇ ਗੁਰੂਦੁਆਰਾ ਭਗਤ ਧੰਨਾ ਜੀ ਕੋਲ ਪਾਣੀ ਦੇ ਵਹਾਅ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਇਲਾਕਾ ਵਾਸੀਆਂ ਨਾਲ ਮਿਲ ਕੇ ਸਰਬਤ ਦੇ ਭਲੇ ਲਈ ਅਰਦਾਸ ਵੀ ਕੀਤੀ।ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਸੰਭਾਲਣ ਲਈ ਤੱਤਪਰ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਪੱਸ਼ਟ ਦਿਸ਼ਾ-ਨਿਰਦੇਸ਼ ਹਨ ਕਿ ਜ਼ਿਲ੍ਹਾ ਪ੍ਰਸ਼ਾਸਨ ਹਰੇਕ ਐਮਰਜੈਂਸੀ ਲਈ ਤਿਆਰ ਰਹੇ। ਇਸ ਲਈ ਜਲ ਨਿਕਾਸ, ਮਾਲਖਾਨਾ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਚੌਕਸੀ ਬਰਤਣ ਲਈ ਕਿਹਾ ਗਿਆ ਹੈ।ਉਨ੍ਹਾਂ ਦੱਸਿਆ ਕਿ ਹਲਕਾ ਘਨੌਰ ਹਾਲੇ ਹੜ੍ਹਾਂ ਦੇ ਖਤਰੇ ਤੋਂ ਬਾਹਰ ਹੈ, ਪਰ ਡੈਮਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਘੱਗਰ ਨਦੀ ਵਿੱਚ ਪਾਣੀ ਦਾ ਵਹਾਅ ਕੁਦਰਤੀ ਤੌਰ ‘ਤੇ ਨੀਵੇਂ ਖੇਤਰਾਂ ਵੱਲ ਹੋ ਰਿਹਾ ਹੈ। ਇਸ ਲਈ ਹਲਕਾ ਘਨੌਰ ਦੇ ਘੱਗਰ ਨੇੜਲੇ ਪਿੰਡਾਂ ਨੂੰ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਅਨੁਮਾਨ ਜਤਾਇਆ ਕਿ ਪਾਣੀ ਦੇ ਪੱਧਰ ਵਿੱਚ ਦੇਰ ਰਾਤ ਕੁਝ ਵਾਧਾ ਹੋ ਸਕਦਾ ਹੈ, ਪਰ ਹਾਲ ਦੀ ਘੜੀ ਸਥਿਤੀ ਕਾਬੂ ਵਿੱਚ ਹੈ।ਵਿਧਾਇਕ ਗੁਰਲਾਲ ਘਨੌਰ ਨੇ ਜ਼ੋਰ ਦੇ ਕੇ ਕਿਹਾ ਇਸ ਕੁਦਰਤੀ ਆਫ਼ਤ ਦੇ ਸਮੇਂ ਸਾਰੇ ਰਾਜਨੀਤਿਕ ਦਲਾਂ ਨੂੰ ਪਾਰਟੀਬਾਜੀ ਤੋਂ ਉਪਰ ਉੱਠ ਕੇ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ। ਇੱਕਜੁੱਟਤਾ ਅਤੇ ਸਦਭਾਵਨਾ ਨਾਲ ਹੀ ਅਸੀਂ ਇਸ ਸੰਕਟ ਦਾ ਸਾਹਮਣਾ ਕਰ ਸਕਦੇ ਹਾਂ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੋਆਰਡੀਨੇਟਰ ਟੀਮ ਅਤੇ ਸਰਕਾਰੀ ਅਧਿਕਾਰੀ ਘੱਗਰ ਨਦੀ ‘ਤੇ ਨਿਗਰਾਨੀ ਕਰ ਰਹੇ ਹਨ। ਜੇਕਰ ਕਿਸੇ ਵੀ ਪਿੰਡ ਵਿੱਚ ਖਤਰੇ ਦੀ ਸਥਿਤੀ ਬਣਦੀ ਹੈ ਤਾਂ ਰਾਹਤ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਜਾਣਗੇ।ਵਿਧਾਇਕ ਗੁਰਲਾਲ ਘਨੌਰ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇ ਧਾਰਮਿਕ ਭਾਵਨਾ ਨਾਲ ਭਰਿਆ ਸੁਨੇਹਾ ਵੀ ਦਿੱਤਾ। ਉਨ੍ਹਾਂ ਕਿਹਾ ਅੱਜ ਅਸੀਂ ਅਰਦਾਸ ਕੀਤੀ ਹੈ ਕਿ ਸੁਖਾਵੇਂ ਹਾਲਾਤ ਬਣੇ ਰਹਿਣ। ਜੇ ਸਥਿਤੀ ਕਾਬੂ ਵਿੱਚ ਰਹਿੰਦੀ ਹੈ ਤਾਂ ਜਲਦੀ ਹੀ ਗੁਰੂਦੁਆਰਾ ਭਗਤ ਧੰਨਾ ਜੀ ਵਿਖੇ ਸ਼ੁਕਰਾਨਾ ਅਰਦਾਸ ਵੀ ਕੀਤੀ ਜਾਵੇਗੀ।ਇਸ ਜਾਇਜ਼ਾ ਦੌਰੇ ਦੌਰਾਨ ਪਿੰਡ ਵਾਸੀਆਂ ਦੀ ਵੱਡੀ ਗਿਣਤੀ ਮੌਜੂਦ ਸੀ। ਲੋਕਾਂ ਨੇ ਵਿਧਾਇਕ ਦੇ ਯਤਨਾਂ ਦੀ ਸਾਰਾਹਨਾ ਕੀਤੀ ਅਤੇ ਭਰੋਸਾ ਜਤਾਇਆ ਕਿ ਉਹ ਪ੍ਰਸ਼ਾਸਨ ਨਾਲ ਸਹਿਯੋਗ ਕਰਕੇ ਹਰੇਕ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ।ਇਸ ਮੌਕੇ ਇਲਾਕੇ ਪੰਚ ਸਰਪੰਚ ਅਤੇ ਨੇੜਲੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਮੌਜੂਦ ਸਨ।