ਭਾਰਤੀ ਮਿਆਰ ਬਿਊਰੋ ਵੱਲੋਂ ਰਾਜਪੁਰਾ ਵਿਖੇ ਪੰਚਾਂ ਸਰਪੰਚਾਂ ਤੇ ਪੰਚਾਇਤ ਸਕੱਤਰਾਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਰਾਜਪੁਰਾ, 22 ਅਪ੍ਰੈਲ(ਹਿਮਾਂਸ਼ੂ ਹੈਰੀ):ਭਾਰਤੀ ਮਿਆਰ ਬਿਊਰੋ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ, ਭਾਰਤ ਸਰਕਾਰ ਨੇ ਬੀ ਡੀ ਪੀ ਓ,ਦਫ਼ਤਰ ਰਾਜਪੁਰਾ ਵਿਖੇ ਪਰਵਾਣੂ ਬ੍ਰਾਂਚ ਦੇ ਡਾਇਰੈਕਟਰ ਐਸ ਸੀ ਨਾਇਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਲਈ ਖੇਤੀ ਦੇ ਅਧਾਰਿਤ ਅਤੇ ਹੋਰ ਲੋੜਾਂ ਅਨੁਸਾਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਤਕਰੀਬਨ 60 ਸਰਪੰਚਾਂ, ਪੰਚਾਂ ਅਤੇ ਸਕੱਤਰਾਂ ਨੂੰ ਜਾਣਕਾਰੀ ਅਧਾਰਿਤ ਕਿਤਾਬਚਾ ਵੰਡਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ ਦੇ ਸਹਿਯੋਗ ਨਾਲ ਰਾਜਪੁਰਾ ਬਲਾਕ ਵਿਖੇ ਆਯੋਜਿਤ ਇਸ ਸਮਾਗਮ ਦੌਰਾਨ ਭਾਗੀਦਾਰਾਂ ਨੂੰ ਕਿਸੇ ਵੀ ਵਿਕਾਸ ਗਤੀਵਿਧੀ ਜਾਂ ਨਿੱਜੀ ਲੋੜਾਂ ਲਈ ਗੁਣਵੱਤਾ ਵਾਲੀਆਂ ਚੀਜ਼ਾਂ ਦੀ ਖਰੀਦ ਲਈ ਮਿਆਰਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਭਾਗੀਦਾਰਾਂ ਨੇ ਬੀ ਆਈ ਐਸ ਕੇਅਰ ਐਪ ਨੂੰ ਵੀ ਆਪਣੇ ਮੋਬਾਈਲ ਉੱਪਰ ਡਾਊਨਲੋਡ ਕੀਤਾ ਅਤੇ ਅਸਲ ਆਈ ਐਸ ਆਈ ਮਾਰਕ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਲਈ ਇਸ ਐਪ ਦੀ ਵਰਤੋਂ ਕਰਨਾ ਸਿੱਖਿਆ ਤਾਂ ਜੋ ਰੋਜ਼ਾਨਾ ਜੀਵਨ ਵਿੱਚ ਮਿਆਰਾਂ ਬਾਰੇ ਉਹਨਾਂ ਦੇ ਗਿਆਨ ਵਿੱਚ ਵਾਧਾ ਕੀਤਾ ਜਾ ਸਕੇ। ਇਸ ਮੌਕੇ ਭਾਗੀਦਾਰਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਤੇ ਬੀ.ਆਈ.ਐਸ ਦੁਆਰਾ ਪ੍ਰਦਾਨ ਕੀਤੀ ਸਰੋਤ ਸਮੱਗਰੀ ਭਾਗੀਦਾਰਾਂ ਵਿੱਚ ਵੰਡੀ ਗਈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਬੀ.ਆਈ.ਐਸ ਦੇ ਰਿਸੋਰਸ ਪਰਸਨ ਨੇ ਪੰਚਾਇਤ ਪੱਧਰ ‘ਤੇ ਮਿਆਰਾਂ ਦੀ ਮਹੱਤਤਾ ਬਾਰੇ ਦੱਸ ਕੇ ਕੀਤੀ। ਭਾਗੀਦਾਰਾਂ ਨੂੰ ਦੱਸਿਆ ਗਿਆ ਕਿ ਭਾਰਤੀ ਮਿਆਰ ਬਿਊਰੋ ਵੱਲੋਂ ਗੁਣਵੱਤਾ ਵਾਲੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪੱਧਰਾਂ ‘ਤੇ ਨਵੇਂ ਯਤਨ ਕੀਤੇ ਜਾ ਰਹੇ ਹਨ। ਪੰਚਾਇਤ ਪੱਧਰ ‘ਤੇ ਨਿਰਮਾਣ ਅਤੇ ਖਰੀਦਦਾਰੀ ਵਿੱਚ ਭਾਰਤੀ ਮਿਆਰਾਂ ਨੂੰ ਉਤਸ਼ਾਹਿਤ ਕਰਨ ਲਈ, ਸੰਵੇਦਨਸ਼ੀਲਤਾ ਵਰਕਸ਼ਾਪਾਂ ਦੌਰਾਨ ਪੰਚਾਇਤਾਂ ਅਤੇ ਆਮ ਲੋਕਾਂ ਦੁਆਰਾ ਵਰਤੀਆਂ ਜਾਂਦੀਆਂ ਸਮੱਗਰੀਆਂ ਨਾਲ ਸਬੰਧਤ ਮਿਆਰਾਂ ਨੂੰ ਸਪੱਸ਼ਟ ਤੌਰ ‘ਤੇ ਸਮਝਾਇਆ ਗਿਆ ਹੈ। ਜ਼ਿਕਰਯੋਗ ਗਲ ਹੈ ਕਿ ਇਸ ਪ੍ਰੋਗਰਾਮ ਚ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾ ਪੰਚਾਇਤ ਮੈਂਬਰਾਂ ਨੇ ਹਾਲ ਮਾਰਕਿੰਗ ਅਤੇ ਬੀ ਆਈ ਐਸ ਕੇਅਰ ਐਪ ‘ਤੇ ਚਰਚਾ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।ਤੇ ਭਾਗੀਦਾਰਾਂ ਨੇ ਵੀ ਬੜੇ ਜੋਸ਼ ਨਾਲ ‘ਜਾਗੋ ਗਰਾਹਕ ਜਾਗੋ’ ਦਾ ਨਾਅਰਾ ਵੀ ਲਗਾਇਆ। ਇਸ ਪ੍ਰੋਗਰਾਮ ਚ ਭਾਗੀਦਾਰਾਂ ਨੇ ਵਰਕਸ਼ਾਪ ਦੌਰਾਨ ਪ੍ਰਾਪਤ ਕੀਤੀ ਜਾਣਕਾਰੀ ਦੀ ਪ੍ਰਭਾਵੀ ਵਰਤੋਂ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਭਾਗੀਦਾਰ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਉਹ ਬੀ ਆਈ ਐਸ ਕੇਅਰ ਐਪ ‘ਤੇ ਸਿੱਧੇ ਤੌਰ ‘ਤੇ ਸ਼ਿਕਾਇਤ ਕਰ ਸਕਦੇ ਹਨ ਅਤੇ ਸਟੈਂਡਰਡ ਮਾਰਕ ਦੀ ਦੁਰਵਰਤੋਂ ਦੀ ਜਾਂਚ ਕਰ ਸਕਦੇ ਹਨ। ਹਾਜ਼ਰੀਨ ਨੇ ਬੀ.ਆਈ.ਐਸ. ਮਾਰਕਿੰਗ ਅਤੇ ਪ੍ਰਮਾਣਿਕਤਾ ਦੀ ਜਾਂਚ ਕਰਨ ਦੇ ਸਾਧਨਾਂ ‘ਤੇ ਪ੍ਰਾਪਤ ਕੀਤੇ ਨਵੇਂ ਗਿਆਨ ਬਾਰੇ ਚਾਨਣਾ ਪਾਉਣ ਲਈ ਧੰਨਵਾਦ ਕੀਤਾ ਅਤੇ ਆਪਣੇ-ਆਪਣੇ ਪਿੰਡਾਂ ਵਿੱਚ ਅਜਿਹੇ ਹੋਰ ਪ੍ਰੋਗਰਾਮ ਕਰਵਾਉਣ ਦੀ ਮੰਗ ਕੀਤੀ। ਬੀ.ਡੀ.ਪੀ.ਓ. ਰਾਜਪੁਰਾ ਬਨਦੀਪ ਸਿੰਘ ਗਿੱਲ ਨੇ ਬੀ.ਆਈ.ਐਸ. ਦੇ ਰਿਸੋਰਸ ਪਰਸਨ ਦਲਬੀਰ ਸਿੰਘ ਦਾ ਜਾਗਰੂਕਤਾ ਪ੍ਰੋਗਰਾਮ ਲਈ ਧੰਨਵਾਦ ਕੀਤਾ। ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਕਰਨ ਲਈ ਪੰਚਾਇਤ ਅਫਸਰ ਸਤਵਿੰਦਰ ਸਿੰਘ ਨੇ ਅਹਿਮ ਯੋਗਦਾਨ ਪਾਇਆ।

Leave a Reply

Your email address will not be published. Required fields are marked *