ਰਾਜਪੁਰਾ,28 ਅਪ੍ਰੈਲ(ਹਿਮਾਂਸ਼ੂ ਹੈਰੀ):ਜਲ ਸ਼ਕਤੀ ਮੰਤਰਾਲਾ ਭਾਰਤ ਵੱਲੋਂ ਚਲਾਏ ਜਾ ਰਹੇ ਜਲ ਸ਼ਕਤੀ ਅਭਿਆਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਕੂਲ ਆਫ਼ ਐਮੀਨੈਂਸ ਮਹਿੰਦਰਗੰਜ ਰਾਜਪੁਰਾ ਵੱਲੋਂ ਵਿਦਿਆਰਥੀਆਂ ਨੂੰ ‘ਪਾਣੀ ਦਾ ਪ੍ਰਬੰਧਨ ਅਤੇ ਬਚਾਅ’ ਵਿਸ਼ੇ ਉੱਪਰ ਵਿਸ਼ੇਸ਼ ਲੈਕਚਰ ਦੇਣ ਲਈ ਡਾ. ਗੁਰਪ੍ਰੀਤ ਸਿੰਘ ‘ਜੀਪੀ’ ਸਹਾਇਕ ਪ੍ਰੋਫੈਸਰ ਸਮਾਜ ਵਿਗਿਆਨ ਵਿਭਾਗ, ਪਟੇਲ ਕਾਲਜ ਰਾਜਪੁਰਾ ਨੂੰ ਮੁੱਖ ਬੁਲਾਰੇ ਦੇ ਤੌਰ ਤੇ ਬੁਲਾਇਆ ਗਿਆ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪੂਨਮ ਕੁਮਾਰੀ ਨੇ ਡਾ. ‘ਜੀਪੀ’ ਦਾ ਸਵਾਗਤ ਕੀਤਾ। ਡਾ. ‘ਜੀਪੀ’ ਨੇ ਆਪਣੇ ਭਾਸ਼ਣ ਦੌਰਾਨ ਬੋਲਦਿਆਂ ਕਿਹਾ ਕਿ 2019 ਵਿੱਚ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਇਹ ਅਭਿਆਨ ਭਾਰਤ ਵਿੱਚ ਪਾਣੀ ਦੀ ਕਮੀ ਝੱਲ ਰਹੇ ਦੇ 256 ਜ਼ਿਲ੍ਹਿਆਂ ਦੇ 1592 ਬਲਾਕਾਂ ਵਿੱਚ ਸ਼ੁਰੂ ਕੀਤਾ ਸੀ। ਪਰ ਕੋਵਿਡ ਕਾਲ ਦੌਰਾਨ 2020 ਵਿੱਚ ਇਹ ਅਭਿਆਨ ਚੱਲ ਨਾ ਸਕਿਆ।ਡਾ. ‘ਜੀਪੀ’ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਅਭਿਆਨ ਹਰ ਸਾਲ ਇੱਕ ਵੱਖਰੀ ਥੀਮ ਅਨੁਸਾਰ ਕੰਮ ਕਰਦਾ ਹੈ ਅਤੇ ਇਸ ਸਾਲ 2024 ਵਿੱਚ ਇਹ ਅਭਿਆਨ ‘ਨਾਰੀ ਸ਼ਕਤੀ ਸੇ ਜਲ ਸ਼ਕਤੀ’ ਥੀਮ ਤਹਿਤ ਭਾਰਤ ਵਿੱਚ ਚੱਲ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪਾਣੀ ਦੀ ਮਹੱਤਤਾ ਸਮਝਾਉਂਦੇ ਹੋਏ ਕਿਹਾ ਕਿ ਸਾਡੇ ਸਰੀਰ ਵਿੱਚ ਪਾਣੀ ਦੀ ਮਾਤਰਾ 70 ਪ੍ਰਤੀਸ਼ਤ ਹੈ ਅਤੇ ਸਾਨੂੰ ਜਿਉਂਦੇ ਰਹਿਣ ਲਈ ਜਿਵੇੰ ਆਕਸੀਜਨ ਚਾਹੀਦੀ ਹੈ ਉਸੇ ਤਰ੍ਹਾਂ ਪਾਣੀ ਵੀ ਸਾਡੀ ਜ਼ਿੰਦਗੀ ਹੈ| ਉਨ੍ਹਾਂ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਵਿਦਿਆਰਥੀਆਂ ਨੂੰ ਦੱਸਿਆ ਕਿ ਅੱਜ ਪੰਜ ਦਰਿਆਵਾਂ ਦੀ ਧਰਤੀ ਹੇਠਲਾ ਪੀਣ ਯੋਗ ਪਾਣੀ ਬੇਲੋੜ੍ਹੀ ਵਰਤੋਂ ਕਾਰਨ ਬਹੁਤ ਡੂੰਘਾ ਹੋ ਗਿਆ ਹੈ ਅਤੇ ਪਾਣੀ ਦਾ ਸਹੀ ਪ੍ਰਬੰਧਨ ਨਾ ਹੋਣ ਕਰਕੇ ਇਹ ਦਿਨੋ-ਦਿਨ ਹੋਰਾ ਡੂੰਘਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਹ ਵੀ ਸਮਝਾਇਆ ਕਿ ਪਾਣੀ ਦੀ ਬੇਲੋੜ੍ਹੀ ਵਰਤੋਂ ਕਾਰਨ ਸੀਵਰੇਜ਼, ਨਾਲ਼ੇ, ਨਦੀਆਂ ਆਦਿ ਭਰੇ ਪਏ ਹਨ ਅਤੇ ਬਰਸਾਤਾਂ ਦੇ ਮੌਸਮ ਵਿੱਚ ਇਹ ਟੁੱਟ ਜਾਂਦੇ ਹਨ ਜਿਸ ਕਾਰਨ ਹੜ੍ਹਾਂ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪਾਣੀ ਦੀ ਬੇਲੋੜ੍ਹੀ ਵਰਤੋਂ ਦੇ ਕਾਰਨਾਂ ਤੋਂ ਜਾਣੂ ਕਰਵਾਉਂਦੇ ਹੋਏ ਇਸ ਸਮੱਸਿਆ ਦੇ ਹੱਲ ਵੀ ਦੱਸੇ ਅਤੇ ਕਿਹਾ ਕਿ ਸਾਨੂੰ ਜਿੰਨੀ ਜ਼ਰੂਰਤ ਹੈ ਓਨਾ ਹੀ ਪਾਣੀ ਵਰਤਣਾ ਚਾਹੀਦਾ ਹੈ। ਲੈਕਚਰ ਦੇ ਅਖੀਰ ਵਿੱਚ ਡਾ. ਜੀਪੀ ਨੇ ਪਾਣੀ ਦੇ ਸਹੀ ਪ੍ਰਬੰਧਨ ਅਤੇ ਬਚਾਅ ਲਈ ਵਿਦਿਆਰਥੀਆਂ ਤੋਂ ਵਚਨ ਵੀ ਲਏ। ਇਸ ਮੋਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਡਾ. ਨੀਰਜ਼ ਸ਼ਰਮਾ ਨੇ ਡਾ. ਗੁਰਪ੍ਰੀਤ ਸਿੰਘ ‘ਜੀਪੀ’ ਦਾ ਧੰਨਵਾਦ ਕੀਤਾ। ਇਸ ਮੌਕੇ ਗਾਈਡ ਟੀਚਰ ਸ਼੍ਰੀਮਤੀ ਵੰਦਨਾ ਥਾਪਰ, ਸ਼੍ਰੀਮਤੀ ਗੁਰਬਿੰਦਰ ਕੌਰ ਅਤੇ ਸਮੂਹ ਸਕੂਲ ਸਟਾਫ਼ ਮੌਜ਼ੂਦ ਸੀ।