
ਪੱਤਰਕਾਰ ਹਿਮਾਂਸ਼ੂ ਹੈਰੀ
ਰਾਜਪੁਰਾ, 09 ਅਪ੍ਰੈਲ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਆ ਰਹੀਆਂ ਲੋਕ ਸਭਾ ਚੋਣਾਂ (2024) ਦੇ ਮੱਦਦੇਨਜ਼ਰ ਸਵੀਪ ਟੀਮ ਰਾਜਪੁਰਾ ਤੋਂ ਨੋਡਲ ਅਫ਼ਸਰ ਡਾ. ਗੁਰਪ੍ਰੀਤ ‘ਜੀਪੀ’ ਅਤੇ ਔਰਤ ਪ੍ਰੇਰਕ ਡਾ. ਮਨਦੀਪ ਕੌਰ ਨੇ ਸਰਕਾਰੀ ਕੰਨਿਆ ਸਕੂਲ ਅਤੇ ਪੰਜਾਬ ਇੰਸਟੀਟਿਊਟ ਆਫ਼ ਟੈਕਨਾਲੋਜੀ ਰਾਜਪੁਰਾ ਵਿਖ਼ੇ ਵਿਦਿਆਰਥੀਆਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾ. ‘ਜੀਪੀ’ ਨੇ ਕਿਹਾ ਕਿ ਵੋਟ ਪਾਉਣਾ ਸੱਭ ਦਾ ਕਾਨੂੰਨੀ ਅਧਿਕਾਰ ਹੈ ਅਤੇ ਸੰਵਿਧਾਨ ਦੁਆਰਾ ਦਿੱਤੇ ਇਸ ਅਧਿਕਾਰ ਦਾ ਇਸਤੇਮਾਲ ਹਰ ਵੋਟਰ ਨੂੰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਡੋਰ-ਟੂ-ਡੋਰ ਮੁਹਿੰਮ ਚਲਾ ਕੇ ਆਪਣੇ ਘਰ ਦੇ ਨੇੜ੍ਹੇ ਦੇ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਦਾ ਵਚਨ ਦਿਵਾਇਆ। ਡਾ. ‘ਜੀਪੀ’ ਨੇ ਬੱਚਿਆਂ ਨੂੰ ਵੋਟਰ ਹੈਲਪ ਲਾਈਨ ਮੋਬਾਈਲ ਐਪ ਡਾਊਨਲੋਡ ਕਰਕੇ ਵੋਟਿੰਗ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਅਤੇ ਖ਼ੁਦ ਨੂੰ ਵੋਟਰ ਦੇ ਤੌਰ ਤੇ ਰਜਿਸਟਰ ਕਰਨ ਲਈ ਸਮਝਾਇਆ। ਔਰਤ ਪ੍ਰੇਰਕ ਡਾ. ਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਕੇ ਸਮਝਾਇਆ ਕਿ ਕਿਵੇਂ ਔਰਤਾਂ ਨੂੰ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਵੋਟ ਪਾਉਣ ਦੇ ਅਧਿਕਾਰ ਤੋਂ ਦੂਰ ਰੱਖਿਆ ਗਿਆ ਅਤੇ ਆਜ਼ਾਦੀ ਮਿਲਣ ਤੋਂ ਬਾਅਦ ਵੀ ਵੋਟਾਂ ਵਿੱਚ ਔਰਤਾਂ ਦੀ ਭਾਗੇਦਾਰੀ ਕਈ ਕਾਰਨਾਂ ਕਰਕੇ ਘੱਟ ਹੀ ਰਹੀ ਹੈ। ਉਨ੍ਹਾਂ ਕਿਹਾ ਕਿ ਜਿਵੇੰ ਔਰਤ ਆਪਣੇ ਪਰਿਵਾਰ ਅਤੇ ਘਰ ਦਾ ਇੱਕ ਥੰਮ੍ਹ ਹੁੰਦੀ ਹੈ ਉਸੇ ਤਰ੍ਹਾਂ ਦੇਸ਼ ਦੀ ਤਰੱਕੀ ਲਈ ਵੀ ਮਰਦ ਦੇ ਬਰਾਬਰ ਯੋਗਦਾਨ ਪਾਉਂਦੀ ਹੈ। ਉਨ੍ਹਾਂ ਨੇ ਵਿਦਿਆਰਥੀਣਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਆਪ ਵੀ ਵੋਟ ਪਾਉਣ ਜਾਣ ਅਤੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰੀ ਵਿੱਚ ਹਰ ਔਰਤ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ। ਆਖ਼ਿਰ ਵਿੱਚ ਡਾ. ਗੁਰਪ੍ਰੀਤ ਸਿੰਘ ‘ਜੀਪੀ’ ਦੁਆਰਾ ਵਿਸ਼ੇਸ਼ ਵੋਟਾਂ ਤੇ ਲਿਖੇ ਗਾਣੇ ‘ਵੋਟ ਪਾਉਣੀ ਏ ਜ਼ਰੂਰੀ ਏਹ ਹੱਕ਼ ਤੇਰਾ ਏ’ ਦੀ ਵੀਡੀਓ ਚਲਾ ਕੇ ਵਿਦਿਆਰਥੀਆਂ ਨੂੰ ਵੋਟ ਪਾਉਣ ਅਤੇ ਹੋਰਾਂ ਤੋਂ ਪਵਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਜੁਗਰਾਜਬੀਰ ਕੌਰ ਅਤੇ ਕਾਲਜ ਡਾਇਰੈਕਟਰ ਸ. ਗੁਰਪ੍ਰੀਤ ਸਿੰਘ ਨੇ ਆਏ ਹੋਏ ਅਫਸਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲੈਕਚਰਾਰ ਹਰਮਨਜੀਤ ਕੌਰ, ਪ੍ਰੋ. ਰਵਨੀਤ ਕੌਰ ਅਤੇ ਡਾ. ਪਿਯੂਸ਼ ਗੁਪਤਾ ਵੀ ਹਾਜ਼ਰ ਸਨ।