
ਰਾਜਪੁਰਾ,01 ਅਕਤੂਬਰ (ਹਿਮਾਂਸ਼ੂ ਹੈਰੀ):ਸ੍ਰੀ ਰਾਮ ਪਰਿਵਾਰ ਵੈੱਲਫੇਅਰ ਸੁਸਾਇਟੀ ਵੱਲੋਂ ਸ੍ਰੀ ਗੀਤਾ ਭਵਨ ਰਾਜਪੁਰਾ ਵਿਖੇ ਪ੍ਰਧਾਨ ਟਿੰਕੂ ਬਾਂਸਲ ਦੀ ਅਗਵਾਈ ਹੇਠ ਰਾਮਲੀਲਾ ਦੀ ਨੌਵੀਂ ਸਟੇਜ ਦਾ ਸਫਲ ਮੰਚਨ ਕੀਤਾ ਗਿਆ। ਇਸ ਮੌਕੇ ਸਟੇਜ ਦਾ ਉਦਘਾਟਨ ਯੂਥ ਕਾਂਗਰਸੀ ਆਗੂ ਨਿਰਭੈ ਸਿੰਘ ਮਿਲਟੀ ਵੱਲੋਂ ਕੌਂਸਲਰ ਨਾਗੀ ਵੱਲੋਂ ਕੀਤਾ ਗਿਆ। ਨੌਵੀਂ ਸਟੇਜ ਵਿਚ ਰਾਮਲੀਲਾ ਦੇ ਮਹੱਤਵਪੂਰਨ ਸੀਨ ਪੇਸ਼ ਕੀਤੇ ਗਏ। ਜਿਸ ਵਿਚ ਹਨੂਮਾਨ ਜੀ ਵੱਲੋਂ ਸੰਜੀਵਨੀ ਬੁਟੀ ਲਿਆਉਣ ਦਾ ਮਨਮੋਹਕ ਦ੍ਰਿਸ਼ ਪੇਸ਼ ਕੀਤਾ ਗਿਆ। ਸੰਜੀਵਨੀ ਬੁਟੀ ਨਾਲ ਲਛਮਣ ਜੀ ਦੀ ਮੂਰਛਾ ਟੁੱਟਣ ਦਾ ਸੀਨ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕਰ ਗਿਆ। ਇਸ ਤੋਂ ਇਲਾਵਾ ਮੇਘਨਾਥ ਦਾ ਵੱਦ ਦਰਸਾਉਂਦਾ ਸੀਨ ਵੀ ਮੰਚਨ ਕੀਤਾ ਗਿਆ, ਜਿਸ ਨੂੰ ਦਰਸ਼ਕਾਂ ਨੇ ਬੜੀ ਉਤਸੁਕਤਾ ਨਾਲ ਦੇਖਿਆ ਅਤੇ ਤਾਲੀਆਂ ਵਜਾ ਕੇ ਕਲਾਕਾਰਾਂ ਦਾ ਹੌਸਲਾ ਵਧਾਇਆ।ਇਸ ਮੌਕੇ ਸੰਸਥਾ ਦੇ ਸੰਸਥਾਪਕ ਦੇਸ ਰਾਜ ਬਾਂਸਲ ਅਤੇ ਮਾਰਗ ਦਰਸ਼ਕ ਫ਼ਕੀਰ ਚੰਦ ਕੋਚ ਨੇ ਕਿਹਾ ਕਿ ਰਾਮਲੀਲਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਸਚਾਈ, ਭਰੋਸੇ ਅਤੇ ਧਰਮ ਦੇ ਰਸਤੇ ’ਤੇ ਤੁਰਨ ਲਈ ਪ੍ਰੇਰਣਾ ਵੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਨੌਜਵਾਨ ਪੀੜ੍ਹੀ ਨੂੰ ਆਪਣੇ ਸੰਸਕਾਰਾਂ ਅਤੇ ਸੱਭਿਆਚਾਰ ਨਾਲ ਜੋੜਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਪੂਰੇ ਪ੍ਰੋਗਰਾਮ ਦੌਰਾਨ ਦਰਸ਼ਕਾਂ ਦੀ ਵੱਡੀ ਗਿਣਤੀ ਮੌਜੂਦ ਰਹੀ ਜਿਨ੍ਹਾਂ ਨੇ ਰਾਮਲੀਲਾ ਦੇ ਹਰ ਸੀਨ ਨੂੰ ਬੜੀ ਧਿਆਨ ਨਾਲ ਦੇਖਿਆ ਅਤੇ ਕਲਾਕਾਰਾਂ ਦੀ ਅਦਾਕਾਰੀ ਦੀ ਖ਼ੂਬ ਸ਼ਲਾਘਾ ਕੀਤੀ। ਇਸ ਮੌਕੇ ਮੀਤ ਪ੍ਰਧਾਨ ਪ੍ਰੀਤਮ ਸਿੰਘ , ਡਿੰਪਲ ਵਿੱਜ,ਚੀਫ਼ ਡਾਇਰੈਕਟਰ ਜੀਵਨ ਸੂਦ ਤੋਂ ਇਲਾਵਾ ਹੋਰ ਪ੍ਰਬੰਧਕ ਮੌਜੂਦ ਸਨ।
ਕੈਪਸ਼ਨ: ਲਛਮਣ ਮੂਰਛਾ ਦੌਰਾਨ ਵਿਰਲਾਪ ਕਰਦਾ ਹੋਇਆ ਰਾਮ ਦੀ ਕਿਰਦਾਰ ਨਿਭਾ ਰਿਹਾ ਕਲਾਕਾਰ ਅਮਨ ਸੈਣੀ ।