ਪੰਜਾਬ ਲਈ ਕੇਂਦਰ ਵੱਲੋਂ 1600 ਕਰੋੜ ਰਾਹਤ ਫੰਡ ਖ਼ਾਨਾਪੂਰਤੀ: ਵਿਧਾਇਕਾ ਨੀਨਾ ਮਿੱਤਲ

ਰਾਜਪੁਰਾ,10 ਸਤੰਬਰ(ਹਿਮਾਂਸ਼ੂ ਹੈਰੀ): ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਹੋਏ ਵੱਡੇ ਪੱਧਰ ਦੇ ਨੁਕਸਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੂਬੇ ਲਈ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਪਰ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਇਸ ਰਾਹਤ ਫੰਡ ਨੂੰ ਸਿਰਫ਼ ਖ਼ਾਨਾਪੂਰਤੀ ਕਰਾਰ ਦਿੰਦਿਆਂ ਕਿਹਾ ਕਿ ਇਹ ਰਕਮ ਅਸਲੀ ਲੋੜਾਂ ਅਨੁਸਾਰ ਨਾ ਮਾਤਰ ਹੈ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਹੜਾ ਕਾਰਨ ਪੰਜਾਬ ਦਾ ਕਰੀਬ 20 ਹਜ਼ਾਰ ਕਰੋੜ ਰੁਪਏ ਤੱਕ ਦੇ ਨੁਕਸਾਨ ਦਾ ਅਨੁਮਾਨ ਹੈ। ਜਦੋਂ 23 ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹੋਣ, ਹਜ਼ਾਰਾਂ ਕਿਸਾਨਾਂ ਦੀ ਫਸਲ ਤਬਾਹ ਹੋ ਗਈ ਹੋਵੇ, ਗਰੀਬਾਂ ਦੇ ਘਰ ਢਹਿ ਗਏ ਹੋਣ ਤੇ ਸੜਕਾਂ, ਪੁਲਾਂ ਅਤੇ ਹੋਰ ਬੁਨਿਆਦੀ ਢਾਂਚਾ ਖਰਾਬ ਹੋ ਗਿਆ ਹੋਵੇ, ਤਾਂ ਕੇਵਲ 1600 ਕਰੋੜ ਰੁਪਏ ਦੇ ਰਾਹਤ ਫੰਡ ਦਾ ਐਲਾਨ ਕੇਂਦਰ ਸਰਕਾਰ ਦੀ ਪੰਜਾਬ ਵਿਰੋਧੀ ਸੋਚ ਨੂੰ ਦਰਸਾਉਂਦਾ ਹੈ।ਉਨ੍ਹਾਂ ਦੱਸਿਆ ਕਿ ਇਸ ਔਖੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਤੁਰੰਤ ਰਾਹਤ ਸਮੱਗਰੀ ਅਤੇ ਸਹਾਇਤਾ ਪਹੁੰਚਾਈ ਗਈ। ਇਨ੍ਹਾਂ ਨਾਲ ਹੀ ਸਮਾਜਿਕ ਸੰਸਥਾਵਾਂ, ਧਾਰਮਿਕ ਜਥੇਬੰਦੀਆਂ, ਕਿਸਾਨ ਸੰਘਠਨਾਂ, ਕਲਾਕਾਰਾਂ ਅਤੇ ਆਮ ਲੋਕਾਂ ਨੇ ਵੀ ਆਪਣਾ ਮਹੱਤਵਪੂਰਣ ਯੋਗਦਾਨ ਪਾਇਆ।ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹਮੇਸ਼ਾਂ ਦੀ ਤਰ੍ਹਾਂ ਪੰਜਾਬ ਅਤੇ ਪੰਜਾਬੀਅਤ ਨਾਲ ਵਿਰੋਧ ਭਰਿਆ ਵਰਤਾਵ ਕਰ ਰਹੀ ਹੈ। “ਜਦੋਂ ਲੋਕਾਂ ਦੀ ਜ਼ਿੰਦਗੀ ਅਤੇ ਰੋਜ਼ਗਾਰ ਖਤਰੇ ਵਿੱਚ ਹੋਵੇ, ਤਾਂ ਰਾਹਤ ਰਾਸ਼ੀ ਸਮਤਾ ਦੇ ਅਨੁਸਾਰ ਹੋਣੀ ਚਾਹੀਦੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਲਈ ‘ਮੇਰਾ ਖੇਤ, ਮੇਰੀ ਰੇਤ’ ਨੀਤੀ ਲਾਗੂ ਕੀਤੀ ਹੈ, ਜਿਸ ਅਧੀਨ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਰੇਤ ਕੱਢਣ ਦਾ ਅਧਿਕਾਰ ਮਿਲੇਗਾ। ਇਸ ਨਾਲ ਕਿਸਾਨਾਂ ਨੂੰ ਇਕ ਹੋਰ ਆਮਦਨ ਦਾ ਸਰੋਤ ਮਿਲੇਗਾ। ਇਸ ਤੋਂ ਇਲਾਵਾ ਹੜ੍ਹ ਕਾਰਨ ਤਬਾਹ ਹੋਈ ਫਸਲ ਦੇ ਮੁਆਵਜ਼ੇ ਵਜੋਂ ਪੰਜਾਬ ਸਰਕਾਰ ਵੱਲੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨਾ ਦੱਸਿਆ ਕਿ ਹੜ੍ਹਾਂ ਤੋਂ ਬਾਅਦ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਡਾਕਟਰੀ ਟੀਮਾਂ ਪਿੰਡ ਪੱਧਰ ‘ਤੇ ਕਲੀਨਿਕਾਂ ਸਥਾਪਤ ਕਰਕੇ ਲੋਕਾਂ ਦੀ ਸਿਹਤ ਸੰਭਾਲ ਲਈ ਵਾਧੂ ਪ੍ਰਬੰਧ ਕੀਤੇ ਜਾ ਰਹੇ ਹਨ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾਂ ਮੁਸ਼ਕਲ ਸਮੇਂ ਵਿੱਚ ਇਕ-ਦੂਜੇ ਦੇ ਨਾਲ ਖੜ੍ਹਦੇ ਹਨ। “ਇਸ ਵਾਰ ਵੀ ਪੰਜਾਬੀਆਂ ਨੇ ਭਰਾਵਾਂਵਾਲੀ ਰੂਹ ਨਾਲ ਹੜ੍ਹ ਪੀੜਤਾਂ ਦੀ ਮਦਦ ਕੀਤੀ ਹੈ। ਪਰ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਨੁਕਸਾਨ ਦਾ ਅਸਲੀ ਅੰਦਾਜ਼ਾ ਲਗਾ ਕੇ ਰਾਹਤ ਪੈਕੇਜ ਵਧਾਏ, ਤਾਂ ਜੋ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਿੱਚ ਸਹੂਲਤ ਹੋ ਸਕੇ।