ਮਾਨ ਸਰਕਾਰ ਲਈ ਲੋਕਾਂ ਦੀ ਜਾਨ ਤੇ ਮਾਲ ਸਭ ਤੋਂ ਪਹਿਲੀ ਤਰਜੀਹ : ਗੁਰਲਾਲ ਘਨੌਰ

ਪਟਿਆਲਾ/ਘਨੌਰ,06 ਸਤੰਬਰ (ਹਿਮਾਂਸ਼ੂ ਹੈਰੀ): ਹਲਕਾ ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ ਨੇ ਅੱਜ ਪਿੰਡ ਲਾਛੜੂ ਨੇੜੇ ਘੱਗਰ ਦਰਿਆ ਦੇ ਪਾਣੀ ਦੀ ਸਥਿਤੀ ਦਾ ਆਪਣੀ ਟੀਮ ਅਤੇ ਸਬੰਧਤ ਅਧਿਕਾਰੀਆਂ ਸਮੇਤ ਦੌਰਾ ਕਰਕੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਪਾਣੀ ਦੀ ਲੀਕਜ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੰਨ ਦੀ ਹੋਰ ਮਜ਼ਬੂਤੀ ਵਾਸਤੇ ਲੌੜੀਂਦੀ ਮਿੱਟੀ ਆਦਿ ਮੌਕੇ ਤੇ ਖੜ ਕੇ ਲਗਵਾਈ। ਇਸ ਦੌਰਾਨ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰ ਸਾਲ ਬਰਸਾਤੀ ਮੌਸਮ ਦੌਰਾਨ ਘੱਗਰ ਨਦੀ ਦੇ ਪਾਣੀ ਵਧਣ ਨਾਲ ਹਲਕਾ ਘਨੌਰ ਵਿੱਚ ਹੜਾਂ ਵਰਗੀ ਸਥਿਤੀ ਬਣ ਜਾਂਦੀ ਹੈ, ਜਿਸ ਕਾਰਨ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕ ਕਾਫ਼ੀ ਮੁਸ਼ਕਲਾਂ ਅਤੇ ਚਿੰਤਾਵਾਂ ਦਾ ਸਾਹਮਣਾ ਕਰਦੇ ਹਨ। ਘੱਗਰ ਤੋਂ ਓਵਰ ਹੋਇਆ ਬਰਸਾਤੀ ਪਾਣੀ ਹਰ ਸਾਲ ਘਰਾਂ ਅਤੇ ਖੇਤਾਂ ਵਿੱਚ ਦਾਖਲ ਹੋ ਕੇ ਲੋਕਾਂ ਦੇ ਘਰਾਂ ਸਮੇਤ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚਾਂਦਾ ਹੈ। ਆਸ ਹੈ ਕਿ ਜਿਸ ਦੇ ਯੋਗ ਹੱਲ ਲਈ ਮਾਨ ਸਰਕਾਰ ਜ਼ਰੂਰ ਕਦਮ ਚੁੱਕੇਗੀ।ਇਸ ਮੌਕੇ ਗੁਰਲਾਲ ਘਨੌਰ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਨੇ ਘੱਗਰ ਨਦੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਦੇ ਵੀ ਗੰਭੀਰ ਯਤਨ ਨਹੀਂ ਕੀਤੇ। ਲੋਕਾਂ ਨੇ ਕਈ ਦਹਾਕਿਆਂ ਤੱਕ ਹਰ ਸਾਲ ਹੜਾਂ ਦਾ ਕਹਿਰ ਝੱਲਿਆ ਹੈ। ਲੋਕਾਂ ਦੇ ਘਰ ਬਰਬਾਦ ਹੁੰਦੇ ਰਹੇ ਹਨ, ਫਸਲਾਂ ਡੁੱਬੀਆਂ ਆ ਰਹੀਆਂ ਹਨ, ਸ਼ਾਇਦ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਸਿਰਫ਼ ਕਾਗਜ਼ਾਂ ‘ਤੇ ਹੀ ਯੋਜਨਾਵਾਂ ਬਣਾਈਆਂ । ਪਰ ਹੁਣ ਮਾਨ ਸਰਕਾਰ ਇਸ ਸਮੱਸਿਆ ਦਾ ਸਥਾਈ ਹੱਲ ਲੱਭਣ ਲਈ ਵਚਨਬੱਧ ਹੈ। ਉਨਾ ਕਿਹਾ ਕਿ ਉਨ੍ਹਾਂ ਵੱਲੋਂ ਹੁਣ ਵਿਧਾਨ ਸਭਾ ਸੈਸ਼ਨ ਦੌਰਾਨ ਘੱਗਰ ਨਦੀ ਦੀ ਸਫਾਈ ਅਤੇ ਡੂੰਘਾਈ ਦਾ ਮੁੱਦਾ ਉਠਾਇਆ ਗਿਆ ਹੈ।ਇਸ ਨਾਲ ਘੱਗਰ ਦੇ ਪਾਣੀ ਦੇ ਵਹਾਅ ਵਿੱਚ ਸੁਧਾਰ ਹੋਵੇਗਾ ਅਤੇ ਹੜਾਂ ਤੋਂ ਸੈਂਕੜੇ ਪਿੰਡਾਂ ਨੂੰ ਹੜਾਂ ਤੋਂ ਸਦਾ ਲਈ ਛੁਟਕਾਰਾ ਮਿਲਣ ਦੀ ਆਸ ਹੈ। ਇਹ ਮੁੱਦਾ ਸਿਰਫ਼ ਘਨੌਰ ਹੀ ਨਹੀਂ, ਸਗੋਂ ਡੇਰਾਬੱਸੀ, ਰਾਜਪੁਰਾ, ਸਨੌਰ, ਸਮਾਣਾ, ਪਾਤੜਾਂ ਅਤੇ ਸ਼ੁਤਰਾਣਾ ਸਮੇਤ ਪੰਜਾਬ-ਹਰਿਆਣਾ ਦੇ ਸੈਂਕੜੇ ਪਿੰਡਾਂ ਨਾਲ ਸਬੰਧਤ ਹੈ।ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੇ ਸਾਢੇ ਤਿੰਨਾਂ ਸਾਲਾਂ ਦੌਰਾਨ ਲੋਕਾਂ ਦੀ ਭਲਾਈ ਲਈ ਅਜਿਹੇ ਇਤਿਹਾਸਕ ਫੈਸਲੇ ਕੀਤੇ ਹਨ ਜਿਨ੍ਹਾਂ ਦਾ ਫਾਇਦਾ ਸਿੱਧੇ ਰੂਪ ਵਿੱਚ ਆਮ ਜਨਤਾ ਨੂੰ ਮਿਲ ਰਿਹਾ ਹੈ। ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਮਾਨ ਸਰਕਾਰ ਦੀ ਸਭ ਤੋਂ ਪਹਿਲੀ ਤਰਜੀਹ ਹੈ।ਗੁਰਲਾਲ ਘਨੌਰ ਨੇ ਘੱਗਰ ਨਦੀ ਦੇ ਪਾਣੀ ਕਾਰਨ ਲੋਕਾਂ ਦੇ ਘਰਾਂ ਅਤੇ ਫਸਲਾਂ ਨੂੰ ਹੋਏ ਨੁਕਸਾਨ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਹੜਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਯਕੀਨੀ ਤੌਰ ‘ਤੇ ਦਿੱਤਾ ਜਾਵੇਗਾ। ਕਿਸੇ ਵੀ ਪੀੜਤ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਤੋਂ ਵਿਰਵਾ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਪਿੰਡ ਲਾਛੜੂ ਤੋਂ ਇਲਾਵਾ ਹੋਰ ਨੇੜਲੇ ਪਿੰਡਾਂ ਦਾ ਵੀ ਦੌਰਾ ਕੀਤਾ ਅਤੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਚਿੰਤਾਵਾਂ ਸੁਣੀਆਂ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਹਲਕੇ ਵਿੱਚ ਤਾਇਨਾਤ ਹਨ ਅਤੇ ਲੋਕਾਂ ਦੀ ਸੁਰੱਖਿਆ ਲਈ ਹਰੇਕ ਲੋੜੀਂਦਾ ਕਦਮ ਚੁੱਕਿਆ ਜਾ ਰਿਹਾ ਹੈ।ਉਨ੍ਹਾਂ ਨੇ ਘਨੌਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਖੁਦ, ਆਪਣੀ ਟੀਮ ਅਤੇ ਪ੍ਰਸ਼ਾਸਨ ਸਮੇਤ ਹਲਕਾ ਘਨੌਰ ਦੇ ਲੋਕਾਂ ਦੇ ਨਾਲ ਹਰ ਵੇਲੇ ਖੜ੍ਹੇ ਹਨ। ਅਸੀਂ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਉਨ੍ਹਾਂ ਨੂੰ ਅਕੇਲਾ ਨਹੀਂ ਛੱਡਾਂਗੇ। ਇਸ ਮੌਕੇ ਥਾਣਾ ਮੁਖੀ ਘਨੌਰ ਸਾਹਬ ਸਿੰਘ ਵਿੱਰਕ, ਸਰਪੰਚ ਭੁਪਿੰਦਰ ਸਿੰਘ ਲਾਲੜੂ,ਗੁਰਤਾਜ ਸਿੰਘ ਸੰਧੂ, ਸਰਪੰਚ ਇੰਦਰਜੀਤ ਸਿੰਘ ਸਿਆਲੂ, ਸਰਪੰਚ ਪਿੰਦਰ ਬਘੋਰਾ, ਦਮਨਪ੍ਰੀਤ ਸਿੰਘ ਖੇੜੀ ਮੰਡਲਾਂ, ਸਤਨਾਮ ਸਿੰਘ ਬਘੋਰਾ ਸਮੇਂਤ ਨੇੜਲੇ ਪਿੰਡਾਂ ਦੇ ਪੰਚ ਸਰਪੰਚ ਅਤੇ ਪਾਰਟੀ ਵਲੰਟੀਅਰ ਮੌਜੂਦ ਸਨ।