ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 5 ਕਰੋੜ ਦੀ ਮਦਦ ਨੂੰ ਦੱਸਿਆ ਇਨਸਾਨੀਅਤ ਦੀ ਮਿਸਾਲ

ਭਾਜਪਾ ਨੇਤਾ ਸੰਜੀਵ ਖੰਨਾ ਨੇ ਹਰਿਆਣਾ ਮੁੱਖ ਮੰਤਰੀ ਦਾ ਕੀਤਾ ਧੰਨਵਾਦ

ਜ਼ੀਰਕਪੁਰ,02 ਸਤੰਬਰ(ਹਿਮਾਂਸ਼ੂ ਹੈਰੀ):ਭਾਜਪਾ ਨੇਤਾ ਸੰਜੀਵ ਖੰਨਾ (ਹਲਕਾ ਡੇਰਾਬੱਸਸੀ) ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 5 ਕਰੋੜ ਰੁਪਏ ਦੀ ਆਰਥਿਕ ਮਦਦ ਦੇਣ ਦੇ ਐਲਾਨ ’ਤੇ ਧੰਨਵਾਦ ਕੀਤਾ ਹੈ। ਖੰਨਾ ਨੇ ਕਿਹਾ ਕਿ ਇਹ ਕਦਮ ਰਾਜਨੀਤੀ ਤੋਂ ਉੱਪਰ ਉੱਠ ਕੇ ਮਨੁੱਖਤਾ ਨੂੰ ਤਰਜੀਹ ਦੇਣ ਦੀ ਨਿਸ਼ਾਨੀ ਹੈ ਅਤੇ ਦੋਵੇਂ ਰਾਜਾਂ ਦੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਵਾਲਾ ਹੈ।ਪੰਜਾਬ ਦੇ ਕਈ ਜ਼ਿਲ੍ਹੇ ਪਿਛਲੇ ਦਿਨੀਂ ਭਾਰੀ ਬਾਰਿਸ਼ ਅਤੇ ਦਰਿਆਵਾਂ ਦੇ ਛੱਲਿਆਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਫ਼ਾਜ਼ਿਲਕਾ ਤੇ ਫਿਰੋਜ਼ਪੁਰ ਵਿਚ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਉਫ਼ਾਨ ਨਾਲ ਪਿੰਡ ਡੁੱਬ ਗਏ, ਸੈਂਕੜੇ ਮਕਾਨਾਂ ਤੇ ਖੇਤਾਂ ਵਿਚ ਪਾਣੀ ਘੁੱਸ ਗਿਆ। ਮੋਗਾ ਅਤੇ ਮੁਕਤਸਰ ਸਾਹਿਬ ਵਿਚ ਹੇਠਲੇ ਇਲਾਕਿਆਂ ਵਿਚ ਪਾਣੀ ਭਰਨ ਕਾਰਨ ਲੋਕ ਰਾਹਤ ਕੈਂਪਾਂ ਵਿਚ ਸ਼ਰਣ ਲੈਣ ਲਈ ਮਜ਼ਬੂਰ ਹੋਏ। ਲੁਧਿਆਣਾ ਤੇ ਜਲੰਧਰ ਜ਼ਿਲ੍ਹਿਆਂ ਦੇ ਦਰਜਨਾਂ ਪਿੰਡਾਂ ਵਿਚ ਹੜ੍ਹ ਦਾ ਪਾਣੀ ਸੜਕਾਂ ਅਤੇ ਘਰਾਂ ਤੱਕ ਪਹੁੰਚ ਗਿਆ, ਜਿਸ ਨਾਲ ਆਵਾਜਾਈ ਅਤੇ ਰੋਜ਼ਾਨਾ ਦੀ ਜ਼ਿੰਦਗੀ ਠੱਪ ਹੋ ਗਈ। ਮੋਹਾਲੀ ਅਤੇ ਡੇਰਾਬੱਸਸੀ ਖੇਤਰ ਵਿਚ ਬਾਰਿਸ਼ ਦਾ ਪਾਣੀ ਕਾਲੋਨੀਆਂ ਅਤੇ ਹੇਠਲੇ ਇਲਾਕਿਆਂ ਵਿਚ ਘੁੱਸ ਗਿਆ, ਜਿਸ ਨਾਲ ਸਥਾਨਕ ਨਿਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਿਸਾਨੀ ’ਤੇ ਵੀ ਹੜ੍ਹ ਨੇ ਡੂੰਘਾ ਵਾਰ ਕੀਤਾ ਹੈ। ਧਾਨ ਅਤੇ ਮੱਕੀ ਦੀਆਂ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ, ਜਿਸ ਨਾਲ ਕਿਸਾਨਾਂ ਨੂੰ ਕਰੋੜਾਂ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਕਈ ਥਾਵਾਂ ’ਤੇ ਪਸ਼ੂ ਵੀ ਬਹਿ ਗਏ ਅਤੇ ਪਿੰਡਾਂ ਦੇ ਘਰਾਂ ਵਿਚ ਰੱਖਿਆ ਰਾਸ਼ਨ ਤੇ ਸਮਾਨ ਵੀ ਬਰਬਾਦ ਹੋ ਗਿਆ। ਭਾਜਪਾ ਨੇਤਾ ਸੰਜੀਵ ਖੰਨਾ ਨੇ ਕਿਹਾ ਕਿ ਇਸ ਵੇਲੇ ਪੰਜਾਬ ਨੂੰ ਹਰ ਸੰਭਵ ਮਦਦ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਹਰਿਆਣਾ ਸਰਕਾਰ ਵੱਲੋਂ 5 ਕਰੋੜ ਰੁਪਏ ਦੇ ਐਲਾਨ ਨਾਲ ਇਹ ਸਾਬਤ ਹੁੰਦਾ ਹੈ ਕਿ ਜਦ ਵੀ ਕੋਈ ਸੰਕਟ ਆਉਂਦਾ ਹੈ ਤਾਂ ਅਸੀਂ ਗੁਆਂਢੀ ਰਾਜ ਇੱਕ ਦੂਜੇ ਦਾ ਹੱਥ ਫੜ ਕੇ ਖੜੇ ਹੋ ਜਾਂਦੇ ਹਾਂ। ਇਹ ਰਾਜਨੀਤੀ ਨਹੀਂ ਸਗੋਂ ਇਨਸਾਨੀਅਤ ਹੈ ਅਤੇ ਪੰਜਾਬ ਦੀ ਜਨਤਾ ਹਰਿਆਣਾ ਦੇ ਇਸ ਸਹਿਯੋਗ ਨੂੰ ਯਾਦ ਰੱਖੇਗੀ। ਖੰਨਾ ਨੇ ਇਹ ਵੀ ਉਮੀਦ ਜਤਾਈ ਕਿ ਇਸ ਆਰਥਿਕ ਸਹਾਇਤਾ ਨਾਲ ਰਾਹਤ ਸਮੱਗਰੀ,ਅਸਥਾਈ ਆਸ਼ਰੇ,ਦਵਾਈਆਂ,ਪੀਣ ਵਾਲਾ ਪਾਣੀ ਅਤੇ ਕਿਸਾਨਾਂ ਲਈ ਸ਼ੁਰੂਆਤੀ ਮੁਆਵਜ਼ੇ ਵਰਗੇ ਲੋੜੀਂਦੇ ਇੰਤਜ਼ਾਮ ਹੋ ਸਕਣਗੇ।ਸੰਜੀਵ ਖੰਨਾ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਗੁਆਂਢੀ ਰਾਜਾਂ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਰਾਹਤ ਕਾਰਜ ਤੇਜ਼ ਕਰਨ। ਉਨ੍ਹਾਂ ਨੇ ਕਿਹਾ ਕਿ ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ. ਅਤੇ ਸਥਾਨਕ ਪ੍ਰਸ਼ਾਸਨ ਪਹਿਲਾਂ ਹੀ ਮੈਦਾਨ ਵਿਚ ਡਟੇ ਹੋਏ ਹਨ, ਪਰ ਵੱਡੀ ਗਿਣਤੀ ਵਿਚ ਪ੍ਰਭਾਵਿਤ ਪਰਿਵਾਰਾਂ ਤੱਕ ਮਦਦ ਪਹੁੰਚਾਉਣ ਲਈ ਹੋਰ ਸਰੋਤਾਂ ਦੀ ਲੋੜ ਹੈ। ਖੰਨਾ ਨੇ ਭਰੋਸਾ ਜਤਾਇਆ ਕਿ ਜਲਦੀ ਹੀ ਪੰਜਾਬ ਇਸ ਸੰਕਟ ਤੋਂ ਨਿਕਲ ਕੇ ਸਧਾਰਣ ਜੀਵਨ ਵੱਲ ਵਾਪਸ ਮੁੜੇਗਾ।


Leave a Reply

Your email address will not be published. Required fields are marked *