ਪੰਜਾਬ ਸਰਕਾਰ ਦਾ ਮਕਸਦ ਸ਼ਹਿਰੀ ਖੇਤਰਾਂ ਵਿੱਚ ਨਿਰਵਿਘਨ ਤੇ ਗੁਣਵੱਤਾਪੂਰਨ ਬਿਜਲੀ ਸਪਲਾਈ ਦੇਣਾ:ਨੀਨਾ ਮਿੱਤਲ

ਰਾਜਪੁਰਾ,04 ਅਗਸਤ(ਹਿਮਾਂਸ਼ੂ ਹੈਰੀ):ਪੰਜਾਬ ਸਰਕਾਰ ਵੱਲੋਂ ਸ਼ਹਿਰੀ ਖੇਤਰਾਂ ਵਿੱਚ ਨਿਰਵਿਘਨ ਅਤੇ ਗੁਣਵੱਤਾਪੂਰਨ ਬਿਜਲੀ ਸਪਲਾਈ ਨੂੰ ਯਕੀਨ ਬਣਾਉਣ ਨੂੰ ਤਰਜੀਹ ਦਿੱਤੀ ਗਈ ਹੈ। ਇਸੇ ਤਹਿਤ ਅੱਜ ਰਾਜਪੁਰਾ ਬਿਜਲੀ ਬੋਰਡ ਵਿਖੇ ਕਰੀਬ 16 ਲੱਖ ਰੁਪਏ ਦੀ ਲਾਗਤ ਨਾਲ ਸਿਟੀ ਰਾਜਪੁਰਾ ਲਈ 11 ਕੇਵੀ ਫੀਡਰ ਦਾ ਸਫਲਤਾ ਨਾਲ ਸਥਾਪਨਾ ਅਤੇ ਉਰਜੀਕਰਨ ਕਰ ਦਿੱਤਾ ਗਿਆ ਹੈ। ਇਸ ਫੀਡਰ ਦੀ ਸ਼ੁਰੂਆਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਕੀਤੀ ਗਈ,ਜਿਸਦਾ ਉਦਘਾਟਨ ਹਲਕਾ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਰਾਜਪੁਰਾ ਸਿਟੀ ਦੇ ਓਲਡ ਗਰਿਡ ਸਟੇਸ਼ਨ ਵਿਖੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਪੀ ਐਸ ਪੀ ਸੀ ਐਲ ਦੇ ਵਧੀਕ ਨਿਗਰਾਨ ਇੰਜੀਨੀਅਰ ਧਰਮਵੀਰ ਕਮਲ, ਐਸ.ਡੀ.ਓ. ਸਾਹਿਲ ਮਿੱਤਲ ਸਮੇਤ ਹੋਰ ਸਬੰਧਿਤ ਅਧਿਕਾਰੀ ਮੌਜੂਦ ਸਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬਿਜਲੀ ਖੇਤਰ ਵਿੱਚ ਵੱਡੇ ਪੱਧਰ ‘ਤੇ ਬੁਨਿਆਦੀ ਢਾਂਚੇ ਦੇ ਸੁਧਾਰ ਅਤੇ ਨਵੀਨੀਕਰਨ ਵੱਲ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਦੇ ਦਿਸਾ-ਨਿਰਦੇਸ ਹੇਠ ਪੀ ਐਸ ਪੀ ਸੀ ਐਲ ਨੂੰ ਹੋਰ ਕੁਸ਼ਲ ਤੇ ਜਵਾਬਦੇਹ ਬਣਾਇਆ ਜਾ ਰਿਹਾ ਹੈ। ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਦੱਸਿਆ ਕਿ ਨਵੇਂ ਫੀਡਰ ਦੀ ਸਥਾਪਨਾ ਰਾਜਪੁਰਾ ਦੇ ਮਧੁਬਨ, ਡਾਲਿਮਾ, ਕੈਲੀਬਰ ਮਾਰਕਿਟ, ਕੰਨੀਕਾ ਗਾਰਡਨ ਆਦਿ ਇਲਾਕਿਆਂ ਨੂੰ ਲਾਭ ਪਹੁੰਚੇਗਾ। ਇਨ੍ਹਾਂ ਇਲਾਕਿਆਂ ਵਿੱਚ ਪਹਿਲਾਂ ਮੌਜੂਦਾ ਫੀਡਰਾਂ ਉੱਤੇ ਵੱਧ ਲੋਡ ਹੋਣ ਕਾਰਨ ਅਕਸਰ ਬਿਜਲੀ ਰੁਕਾਵਟਾਂ ਅਤੇ ਤਕਨੀਕੀ ਖਾਮੀਆਂ ਆਉਂਦੀਆਂ ਸਨ। ਨਵੇਂ 11kV ਫੀਡਰ ਦੀ ਸ਼ੁਰੂਆਤ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ ਅਤੇ ਬਿਜਲੀ ਸਪਲਾਈ ਹੋਰ ਵਿਸ਼ਵਾਸਯੋਗ ਹੋਵੇਗੀ।ਉਨ੍ਹਾਂ ਕਿਹਾ ਕਿ ਇਹ ਉਪਰਾਲਾ “ਜ਼ੀਰੋ ਟ੍ਰਿਪਿੰਗ” ਯੋਜਨਾ ਅਧੀਨ ਕੀਤਾ ਗਿਆ ਹੈ, ਜਿਸਦਾ ਮੂਲ ਮਕਸਦ ਸ਼ਹਿਰੀ ਖੇਤਰਾਂ ਨੂੰ ਲਗਾਤਾਰ, ਬਿਨਾਂ ਰੁਕਾਵਟ ਬਿਜਲੀ ਸਪਲਾਈ ਪ੍ਰਦਾਨ ਕਰਨਾ ਹੈ। ਇਹ ਯੋਜਨਾ ਪੰਜਾਬ ਸਰਕਾਰ ਦੀ ਊਰਜਾ ਖੇਤਰ ਵਿੱਚ ਨਵੀਨਤਾ ਦੀ ਪ੍ਰਤੀਕ ਹੈ।ਇਸ ਮੌਕੇ ‘ਤੇ ਵਿਧਾਇਕਾ ਨੀਨਾ ਮਿੱਤਲ ਨੇ PSPCL ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਯਤਨਾਂ ਨਾਲ ਹੀ ਰਾਜਪੁਰਾ ਵਿੱਚ ਵਧੀਆ ਊਰਜਾ ਇਨਫ਼ਰਾਸਟ੍ਰਕਚਰ ਤਿਆਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਘਰ, ਹਰੇਕ ਉਦਯੋਗ ਅਤੇ ਹਰੇਕ ਵਪਾਰੀ ਤੱਕ ਬਿਨਾਂ ਰੁਕਾਵਟ ਬਿਜਲੀ ਸਪਲਾਈ ਪਹੁੰਚਾਈ ਜਾਵੇ।ਇਸ ਮੌਕੇ ਇੰਜੀਨੀਅਰ ਧਰਮਵੀਰ ਕਮਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ PSPCL ਵਾਅਦਾ ਕਰਦੀ ਹੈ ਕਿ ਭਵਿੱਖ ਵਿੱਚ ਵੀ ਬਿਜਲੀ ਸੰਬੰਧੀ ਢਾਂਚੇ ਦਾ ਨਵੀਨੀਕਰਨ ਜਾਰੀ ਰੱਖਿਆ ਜਾਵੇਗਾ ਅਤੇ ਖਪਤਕਾਰਾਂ ਦੀ ਸੰਤੁਸ਼ਟੀ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਟੀ ਲਈ ਨਵੇਂ 11 ਕੇਵੀ ਫੀਡਰ ਨਾਲ ਨੇੜਲੇ ਕਲੋਨੀਆਂ ਦੇ ਵਸਨੀਕਾਂ ਨੂੰ ਵੀ ਲਗਾਤਾਰ ਤੇ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ।ਇਸ ਮੌਕੇ ਐਡਵੋਕੇਟ ਲਵੀਸ ਮਿੱਤਲ, ਸਿੱਖਿਆ ਕੋਆਰਡੀਨੇਟਰ ਵਿਜੇ ਮੈਨਰੋ,ਸੁਮਿਤ ਬਖਸ਼ੀ, ਜੇਈ ਰਵਿੰਦਰ ਸਿੰਘ,ਧਨਵੰਤ ਸਿੰਘ,ਡਾ ਚਰਨਕਮਲ ਧਿਮਾਨ, ਵਿਕਰਮ ਸਿੰਘ ਕੌਂਸਲਰ ਕੰਡੇਵਾਲਾ,ਮੇਜਰ ਸਿੰਘ ਬਖਸ਼ੀਵਾਲਾ,ਰਤਨੇਸ ਜਿੰਦਲ, ਗੁਰਸ਼ਰਨ ਸਿੰਘ ਵਿੱਰਕ,ਅਮਨ ਸੈਣੀ,ਤਰੂਣ ਸ਼ਰਮਾ ਸਮੇਤ ਸਬੰਧਿਤ ਬਿਜਲੀ ਬੋਰਡ ਦੇ ਅਧਿਕਾਰੀ ਮੌਜੂਦ ਸਨ।