ਚੋਰਾਂ ਕੋਲੋਂ ਚੋਰੀ ਕੀਤੇ ਗਏ 6 ਮੋਬਾਈਲ 1 ਐਕਟਿਵਾ, 1 ਮੋਟਰਸਾਈਕਲ ਅਤੇ 1 ਲੇਡੀ ਪਰਸ ਕੀਤੇ ਗਏ ਬਰਾਮਦ: ਇੰਸਪੈਕਟਰ ਕ੍ਰਿਪਾਲ ਸਿੰਘ ਮੋਹੀ
ਰਾਜਪੁਰਾ,12 ਮਈ (ਹਿਮਾਂਸ਼ੂ ਹੈਰੀ):ਪੰਜਾਬ ਪੁਲਿਸ ਵੱਲੋਂ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ, ਸਿਟੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸਿਟੀ ਪੁਲਿਸ ਨੇ ਦੋ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ। ਜੋ ਦਿਨ-ਦਿਹਾੜੇ ਲੋਕਾਂ ਦੇ ਕੰਨਾਂ ਦੀਆਂ ਵਾਲੀਆਂ, ਪਰਸ ਅਤੇ ਚੇਨ ਚੋਰੀ ਕਰਦੇ ਸਨ। ਸਿਟੀ ਥਾਣੇ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ, ਐਸਐਚਓ ਸਿਟੀ ਪੁਲਿਸ ਸਟੇਸ਼ਨ ਇੰਸਪੈਕਟਰ ਕ੍ਰਿਪਾਲ ਸਿੰਘ ਮੋਹੀ ਨੇ ਕਿਹਾ ਕਿ ਉਨ੍ਹਾਂ ਨੂੰ ਗੁਰੂ ਗੋਬਿੰਦ ਨਗਰ ਦੀ ਵਸਨੀਕ ਮੀਨਾਕਸ਼ੀ ਮਲਹੋਤਰਾ ਤੋਂ ਸ਼ਿਕਾਇਤ ਮਿਲੀ ਸੀ ਕਿ ਮੋਟਰਸਾਈਕਲ ‘ਤੇ ਸਵਾਰ ਦੋ ਚੋਰਾਂ ਨੇ ਉਸਦਾ ਪਰਸ ਚੋਰੀ ਕਰ ਲਿਆ ਹੈ, ਜਿਸ ਵਿੱਚ ਉਸਦੇ ਕੀਮਤੀ ਦਸਤਾਵੇਜ਼ ਅਤੇ 1,800 ਰੁਪਏ ਸਨ। ਸਿਟੀ ਪੁਲਿਸ ਨੇ ਉਸ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕੀਤੀ ਅਤੇ ਆਪਣੇ ਤਜਰਬੇ, ਕੈਮਰਿਆਂ ਆਦਿ ਦੀ ਮਦਦ ਨਾਲ ਦੋ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੀ ਪਛਾਣ ਭਿੰਦਰ ਸਿੰਘ, ਵਾਸੀ ਗੁਰੂ ਅਮਰਦਾਸ ਕਲੋਨੀ ਅਤੇ ਸੋਨੂੰ ਪਾਲ, ਵਾਸੀ ਸੈਦਖੇੜੀ ਵਜੋਂ ਹੋਈ। ਪੁਲਿਸ ਨੇ ਦੋਵਾਂ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕੋਲੋਂ ਮੀਨਾਕਸ਼ੀ ਮਲਹੋਤਰਾ ਤੋਂ ਲੁੱਟਿਆ ਗਿਆ ਪਰਸ ਅਤੇ ਛੇ ਹੋਰ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਐਸਐਚਓ ਇੰਸਪੈਕਟਰ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਉਪਰੋਕਤ ਚੋਰਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਮੀਦ ਹੈ ਕਿ ਉਨ੍ਹਾਂ ਦਾ ਰਿਮਾਂਡ ਲੈਣ ਤੋਂ ਬਾਅਦ ਚੋਰੀ ਦੀਆਂ ਹੋਰ ਘਟਨਾਵਾਂ ਅਤੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ।