ਸਿਰਫ ਸੱਤਾ ਦਾ ਸੁੱਖ ਭੋਗਣ ਲਈ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਆਗੂਆਂ ਦਾ ਡੱਟ ਕੇ ਵਿਰੋਧ ਕਰਾਂਗੇ – ਸੰਜੀਵ ਖੰਨਾ

ਅਕਾਲੀ ਦਲ ਛੱਡ ਕੇ ਆਏ ਸੰਜੇ ਸ਼ਰਮਾ ਦਾ ਬੀਜੇਪੀ ਵਿੱਚ ਸ਼ਾਮਿਲ ਹੋਣ ਤੇ ਕੀਤਾ ਸਵਾਗਤ

ਜ਼ੀਰਕਪੁਰ,11 ਅਪ੍ਰੈਲ(ਹਿਮਾਂਸ਼ੂ ਹੈਰੀ):ਸਿਰਫ ਸੱਤਾ ਦਾ ਸੁੱਖ ਭੋਗਣ ਲਈ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਜਾ ਰਹੇ ਰਾਜ ਕੇ ਪੂਤਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਭਾਰਤੀ ਜਨਤਾ ਪਾਰਟੀ ਵਿੱਚ ਦੋਗਲੇ ਲੀਡਰਾਂ ਲਈ ਕੋਈ ਥਾਂ ਨਹੀਂ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਡੇਰਾ ਬਸੀ ਦੇ ਸੀਨੀਅਰ ਆਗੂ ਸੰਜੀਵ ਖੰਨਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਸੰਜੇ ਸ਼ਰਮਾ ਦਾ ਸਵਾਗਤ ਕਰਦਿਆਂ ਕੀਤਾ। ਸੰਜੀਵ ਖੰਨਾ ਨੇ ਕਿਹਾ ਕਿ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਹੈ ਇਸ ਲਈ ਲੋਕ ਭਾਰਤੀ ਜਨਤਾ ਪਾਰਟੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਦੂਰ ਅੰਦੇਸ਼ੀ ਨੀਤੀਆਂ ਨੂੰ ਵੇਖਦੇ ਹੋਏ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਇਸ ਦੌਰਾਨ ਉਹਨਾਂ ਕਿਹਾ ਕਿ ਪਾਰਟੀ ਵਿੱਚ ਮਿਹਨਤੀ ਅਤੇ ਪਾਰਟੀ ਦੀਆਂ ਨੀਤੀਆਂ ਉੱਤੇ ਚੱਲਣ ਵਾਲੇ ਆਗੂਆਂ ਦਾ ਹਮੇਸ਼ਾ ਸਵਾਗਤ ਹੈ ਜਦਕਿ ਸਿਰਫ ਸੱਤਾ ਦਾ ਸੁੱਖ ਭੋਗਣ ਲਈ ਪਾਰਟੀ ਵਿੱਚ ਸ਼ਾਮਿਲ ਹੋਣ ਜਾ ਰਹੇ ਆਗੂਆਂ ਦਾ ਉਹਨਾਂ ਵੱਲੋਂ ਹਮੇਸ਼ਾ ਵਿਰੋਧ ਕੀਤਾ ਜਾਂਦਾ ਰਹੇਗਾ। ਉਹਨਾਂ ਕਿਸੇ ਦਾ ਨਾਮ ਲਏ ਬਿਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਲਕਾ ਡੇਰਾਬੱਸੀ ਤੋਂ ਕੁਝ ਕੌਂਸਲਰਾਂ ਅਤੇ ਵੱਡੇ ਆਗੂਆਂ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਉਹਨਾਂ ਕਿਹਾ ਕਿ ਇਹ ਉਹ ਲੋਕ ਹਨ ਜਿਨਾਂ ਵੱਲੋਂ ਪਹਿਲਾਂ ਅਕਾਲੀ ਦਲ ਫਿਰ ਕਾਂਗਰਸ ਅਤੇ ਉਸ ਤੋਂ ਬਾਅਦ ਤਿੰਨ ਸਾਲ ਆਮ ਆਦਮੀ ਪਾਰਟੀ ਵਿੱਚ ਸੱਤਾ ਦਾ ਸੁੱਖ ਭੋਗਿਆ ਅਤੇ ਜਦੋਂ ਹੁਣ ਉਹਨਾਂ ਨੂੰ ਸੂਬੇ ਵਿੱਚ ਅਗਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਆਉਣ ਦੇ ਅਸਾਰ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ ਤਾਂ ਉਹਨਾਂ ਵੱਲੋਂ ਆਪਣੀਆਂ ਪੁਰਾਣੀਆਂ ਰਿਸ਼ਤੇਦਾਰੀਆਂ ਦੀ ਦੁਹਾਈ ਦੇ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਇਸ਼ਾਰੇ ਦਿੱਤੇ ਜਾ ਰਹੇ ਹਨ। ਉਹਨਾਂ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਉਹਨਾਂ ਵੱਲੋਂ ਹਲਕਾ ਡੇਰਾਬੱਸੀ ਦੇ ਇੱਕ ਸੀਨੀਅਰ ਕਾਂਗਰਸੀ ਆਗੂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ ਤਾਂ ਉਸ ਸਮੇਂ ਪਾਰਟੀ ਦੀ ਇੱਕ ਸੀਨੀਅਰ ਨੇਤਾ ਨੇ ਉਸ ਆਗੂ ਦੇ ਕਰੈਕਟਰ ਤੇ ਕਿੰਤੂ ਪ੍ਰੰਤੂ ਕਰਦਿਆਂ ਉਸ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਤੇ ਇਤਰਾਜ ਜਾਹਿਰ ਕੀਤਾ ਸੀ। ਉਹਨਾਂ ਕਿਹਾ ਕਿ ਜੇਕਰ ਉਸ ਨੇਤਾ ਦੇ ਕਰੈਕਟਰ ਉੱਤੇ ਉੰਗਲ ਉਠਾਈ ਜਾ ਸਕਦੀ ਹੈ ਤਾਂ ਚਾਰ ਚਾਰ ਪਾਰਟੀਆਂ ਵਿੱਚ ਸੱਤਾ ਦਾ ਸਵਾਦ ਭੋਗ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਜਾ ਰਹੇ ਨੇਤਾਵਾਂ ਦਾ ਵੀ ਵਿਰੋਧ ਕਰਨਾ ਵੀ ਬਣਦਾ ਹੈ। ਉਨ੍ਹਾਂ ਆਪਣੀ ਪਾਰਟੀ ਦੇ ਉੱਚ ਪਦ ਤੇ ਬੈਠੇ ਨੇਤਾਵਾਂ ਤੋਂ ਅਪੀਲ ਕਰਦਿਆਂ ਮੰਗ ਕੀਤੀ ਕਿ ਭਾਰਤੀ ਜਨਤਾ ਪਾਰਟੀ ਦੇ ਅਸੂਲਾਂ ਨੂੰ ਕਾਇਮ ਰੱਖਦਿਆਂ ਪਾਰਟੀ ਵਿੱਚ ਸ਼ਾਮਿਲ ਕਰਨ ਤੋਂ ਪਹਿਲਾਂ ਕਿਸੇ ਵੀ ਆਗੂ ਦੇ ਕਰੈਕਟਰ ਦੀ ਚੰਗੀ ਤਰਾਂ ਜਾਂਚ ਕਰਵਾਈ ਜਾਵੇ ਅਤੇ ਸਿਰਫ ਸੱਤਾ ਦਾ ਸੁੱਖ ਭੋਗਣ ਲਈ ਪਾਰਟੀ ਵਿਚ ਸ਼ਾਮਿਲ ਹੋਣ ਜਾ ਰਹੇ ਦੋਗਲੇ ਆਗੂਆਂ ਨੂੰ ਸ਼ਾਮਿਲ ਕਰਨ ਤੋਂ ਪਹਿਲਾਂ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ।

Leave a Reply

Your email address will not be published. Required fields are marked *