
ਰਾਜਪੁਰਾ,24 ਅਪ੍ਰੈਲ (ਹਿਮਾਂਸ਼ੂ ਹੈਰੀ):ਮਾਣਯੋਗ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐਸ.ਡੀ.ਐਮ. ਦੀ ਯੋਗ ਰਹਿਨੁਮਾਈ ਹੇਠ ਆ ਰਹੀਆਂ ਲੋਕ ਸਭਾ ਚੋਣਾਂ (2024) ਦੇ ਮੱਦਦੇਨਜ਼ਰ ਨੋਡਲ ਅਫ਼ਸਰ ਸਵੀਪ ਡਾ. ਗੁਰਪ੍ਰੀਤ ਸਿੰਘ ‘ਜੀਪੀ’ ਨੇ ਰਾਜਪੁਰਾ ਦੇ ਸਾਰੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਮਿੰਨੀ ਸਕੱਤਰੇਤ ਵਿਖ਼ੇ ਇਲੈਕਸ਼ਨ ਸੰਬਧੀ ਇਕ ਮੀਟਿੰਗ ਕੀਤੀ।ਉਨ੍ਹਾਂ ਨੇ ਇਸ ਮੀਟਿੰਗ ਦੇ ਮੁੱਖ ਮਕਸਦ ਬਾਰੇ ਦੱਸਦੇ ਹੋਏ ਕਿਹਾ ਕਿ ‘ਇਸ ਬਾਰ 70 ਪਾਰ’ ਦੇ ਨਾਅਰੇ ਤੇ ਅਮਲ ਕਰਦੇ ਹੋਏ ਰਾਜਪੁਰਾ ਇਲਾਕੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਨੇ ਸਾਰੇ ਸਕੂਲ ਮੁਖੀਆਂ ਨੂੰ ਕਿਹਾ ਕਿ ਉਨ੍ਹਾਂ ਦੇ ਸਕੂਲਾਂ ਵਿੱਚ ਪੜ੍ਹਦੇ 18 ਸਾਲ ਤੋਂ ਉੱਪਰ ਦੀ ਉਮਰ ਵਾਲੇ ਹਰ ਵਿਦਿਆਰਥੀ ਦੀ ਵੋਟ ਲਾਜ਼ਮੀ ਤੌਰ ਤੇ ਬਣਾਈ ਜਾਵੇ ਅਤੇ ਜੋ ਵਿਦਿਆਰਥੀ ਸਾਢੇ ਸਤਾਰਾਂ ਸਾਲ ਦੇ ਹੋ ਚੁੱਕੇ ਹਨ ਉਹ ਵੀ ਆਪਣੇ ਆਪ ਨੂੰ ਨਵੇਂ ਵੋਟਰ ਦੇ ਤੌਰ ਤੇ ਪ੍ਰੀ-ਰਜਿਸਟਰ ਕਰ ਲੈਣ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਵੀਂ ਵੋਟ ਬਣਵਾਉਣ, ਪਹਿਲਾਂ ਬਣੀ ਹੋਈ ਵੋਟ ਅਤੇ ਆਪਣੇ ਬੂਥ ਆਦਿ ਵੋਟ ਸਬੰਧੀ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਲੈਣ ਲਈ ਹਰ ਵਿਅਕਤੀ ਵੋਟਰ ਹੈਲਪ ਲਾਈਨ ਐਪ ਨੂੰ ਡਾਊਨਲੋਡ ਕਰ ਲਵੇ। ਨੋਡਲ ਅਫ਼ਸਰ ਨੇ ਸਕੂਲ ਮੁਖੀਆਂ ਨੂੰ ਕਿਹਾ ਕਿ ਉਹ ਆਪਣੇ ਸਕੂਲਾਂ ਵਿੱਚ ਚੋਣ ਸ਼ਾਖਰਤਾ ਕਲੱਬ ਬਣਾ ਕੇ ਵਿਦਿਆਰਥੀਆਂ ਨੂੰ ਡੋਰ-ਟੂ-ਡੋਰ ਵੋਟਰ ਜਾਗਰੂਕਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਪ੍ਰਿੰਸੀਪਲਾਂ ਨੇ ਵੀ ਨੋਡਲ ਅਫ਼ਸਰ ਨੂੰ ਲੋਕ ਸਭਾ ਚੋਣਾਂ ਦੇ ਮੱਦਦੇਨਜ਼ਰ ਸਕੂਲਾਂ ਵੱਲੋਂ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਹਾਇਕ ਕਲਰਕ ਗੁਰਕੇਸਰ ਸਿੰਘ ਅਤੇ ਇਲੈਕਸ਼ਨ ਕਲਰਕ ਕੁਣਾਲ ਚੌਧਰੀ ਵੀ ਮੌਜ਼ੂਦ ਰਹੇ।