ਵਿਧਾਇਕਾ ਮੈਡਮ ਨੀਨਾ ਮਿੱਤਲ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਭੇਜਿਆ ਮੰਗ ਪੱਤਰ
ਰਾਜਪੁਰਾ, 23 ਅਪਰੈਲ (ਪੱਤਰਕਾਰ ਹਿਮਾਂਸ਼ੂ ਹੈਰੀ)
ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਕਚਹਿਰੀਆਂ ਅਤੇ ਮਿੰਨੀ ਸਕੱਤਰੇਤਾਂ ਵਿਚ ਬੈਠੇ ਟਾਈਪਿਸਟਾਂ, ਵੁਡਨ ਕੈਬਿਨ, ਫੋਟੋ ਸਟੇਟ ਕੰਪਿਊਟਰ ਟਾਈਪਿੰਗ ਫੋਟੋ ਗਰਾਫ਼ੀ, ਡਰਾਫਟਸਮੈਨ ਦੀ ਮਹੀਨਾਵਾਰ ਫ਼ੀਸ ਦੁੱਗਣੀ ਕਰਨ ਅਤੇ ਲਗਾਤਾਰ ਹਰ ਵਰ੍ਹੇ ਵਿੱਤੀ ਸਾਲ ਵਿਚ 10 ਫ਼ੀਸਦੀ ਵਾਧਾ ਕਰਨ ਦੇ ਜਾਰੀ ਕੀਤੇ ਨੋਟੀਫ਼ਿਕੇਸ਼ਨ ਕਾਰਨ ਇਨ੍ਹਾਂ ਕਾਮਿਆਂ ਵਿਚ ਰੋਸ ਦੀ ਲਹਿਰ ਹੈ।ਮਿੰਨੀ ਸਕੱਤਰੇਤ ਲਾਇਸੰਸ ਹੋਲਡਰ ਵਰਕਰ ਯੂਨੀਅਨ ਤਹਿਸੀਲ ਰਾਜਪੁਰਾ ਨੇ ਜਾਰੀ ਕੀਤੇ ਨੋਟੀਫ਼ਿਕੇਸ਼ਨ ਨੂੰ ਰੱਦ ਕਰਵਾਉਣ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਰਾਹੀਂ ਇਕ ਮੰਗ ਪੱਤਰ ਭੇਜਿਆ ਹੈ।ਜਿਸ ਵਿਚ ਉਨ੍ਹਾਂ ਲਿਖਿਆ ਕਿ ਕਚਹਿਰੀਆਂ ਦੇ ਲਗਭਗ ਸਾਰੇ ਕੰਮ ਆਨ ਲਾਈਨ ਹੋਣ ਕਾਰਨ ਹੁਣ ਕਚਹਿਰੀਆਂ ਵਿਚ ਕੰਮ ਕਾਜ ਬਹੁਤ ਥੋੜ੍ਹਾ ਰਹਿ ਗਿਆ ਹੈ।ਮਾਲ ਤੇ ਮੁੜ ਵਸੇਬਾ ਵਿਭਾਗ ਵੱਲੋਂ ਨੋਟੀਫ਼ਿਕੇਸ਼ਨ ਨੰਬਰ 9689 ਮਿਤੀ 10-08-2023 ਦੁਆਰਾ ਸਮੂਹ ਲਾਇਸੰਸ ਹੋਲਡਰਾਂ ਦੀਆਂ ਫ਼ੀਸਾਂ ਦੁੱਗਣੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਤੋਂ ਇਲਾਵਾ ਹਰ ਵਿੱਤੀ ਵਰ੍ਹੇ ਤੋਂ ਬਾਅਦ ਫ਼ੀਸ ਵਿਚ 10 ਫ਼ੀਸਦੀ ਤੱਕ ਵਾਧਾ ਹੋਵੇਗਾ।ਇਸ ਨੋਟੀਫ਼ਿਕੇਸ਼ਨ ਸਬੰਧੀ ਉਨ੍ਹਾਂ ਨੂੰ ਕੋਈ ਚਿੱਠੀ ਪੱਤਰ ਨਹੀਂ ਮਿਲਿਆ ਸਗੋਂ ਜਦੋਂ ਅਪਰੈਲ 2024 ਵਿਚ ਫ਼ੀਸ ਜਮਾਂ ਕਰਵਾਉਣ ਗਏ ਉਦੋਂ ਪਤਾ ਚਲਿਆ ਹੈ।ਉਨ੍ਹਾਂ ਕਿਹਾ ਕਿ ਇਹ ਫ਼ੀਸ ਹਰ ਮਹੀਨੇ ਨਹੀਂ ਭਰਵਾਈ ਜਾਂਦੀ ਸਗੋਂ ਸਾਲ ਬਾਅਦ ਇਕੱਠੀ ਭਰਵਾਈ ਜਾਂਦੀ ਹੈ, ਜੋ ਕਿ ਗ਼ਰੀਬ ਲਾਇਸੰਸ ਹੋਲਡਰਾਂ ਲਈ ਭਰਨੀ ਮੁਸ਼ਕਲ ਹੈ। ਜਿਸ ਦੀ ਸਲਾਨਾ ਫ਼ੀਸ 6000 ਰੁਪਏ ਹੈ, ਹੁਣ ਉਸ ਦੀ 12000, ਜਿਸ ਦੀ 4800 ਹੁਣ 9600 ਰੁਪਏ ਹੋ ਗਈ ਹੈ। ਅਜਿਹਾ ਕੋਈ ਕਿਸੇ ਵੀ ਕਾਨੂੰਨ ਅੰਦਰ ਨਹੀਂ ਹੈ ਕਿ ਇਕਦਮ ਫ਼ੀਸ ਡਬਲ ਕਰ ਦਿੱਤੀ ਜਾਵੇ।ਇਹ ਗ਼ਰੀਬ ਕਾਮਿਆਂ ਨਾਲ ਸਰਾਸਰ ਧੱਕਾ ਹੋ ਰਿਹਾ ਹੈ।ਉਨ੍ਹਾਂ ਮੰਗ ਕੀਤੀ ਕਿ ਜਾਰੀ ਕੀਤੇ ਨੋਟੀਫ਼ਿਕੇਸ਼ਨ ਨੂੰ ਰੱਦ ਕੀਤਾ ਜਾਵੇ।ਇਸ ਮੌਕੇ ਪ੍ਰਧਾਨ ਪ੍ਰੀਤਮ ਸਿੰਘ, ਸਕੱਤਰ ਵਿਕਾਸ ਅਨੇਜਾ, ਸਰਪ੍ਰਸਤ ਗੁਰਬਚਨ ਸਿੰਘ, ਮੁਨੀਸ਼ ਕੁਮਾਰ,ਸੋਮ ਨਾਥ,ਹਰਨੇਕ ਸਿੰਘ, ਸਚਿਦਾ ਨੰਦ, ਹਰਮੇਸ਼ ਚੌਹਾਨ, ਤਲਵਿੰਦਰ ਸਿੰਘ, ਭੁਪਿੰਦਰ ਸਿੰਘ ਚੋਪੜਾ, ਕਮਲਜੀਤ ਸਿੰਘ,ਹਰਪ੍ਰੀਤ ਸਿੰਘ ਆਦਿ ਮੌਜੂਦ ਸਨ।