ਉਗਦੇ ਸੂਰਜ ਨੂੰ ਦਿੱਤਾ ਅਰਘ ਛਠ ਮਹਾਪਰਵ ਦਾ ਸਮਾਪਨ ਘਾਟਾਂ ’ਤੇ ਉਮੜੀ ਭੀੜ ਸਮਾਗਮਾਂ ਦੌਰਾਨ ਭਾਜਪਾ ਆਗੂ ਸੰਜੀਵ ਖੰਨਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਡੇਰਾਬੱਸੀ/ਜ਼ੀਰਕਪੁਰ,28 ਅਕਤੂਬਰ(ਹਿਮਾਂਸ਼ੂ ਹੈਰੀ): ਛਠ ਮਹਾਪਰਵ ਦਾ ਚਾਰ ਦਿਨਾਂ ਦਾ ਪਵਿੱਤਰ ਤਿਉਹਾਰ ਸੋਮਵਾਰ ਸਵੇਰੇ ਉਗਦੇ ਸੂਰਜ ਨੂੰ ‘ਉਸ਼ਾ ਅਰਘ’ ਦੇਣ ਨਾਲ ਸ਼ਰਧਾ ਅਤੇ ਭਗਤੀ ਭਰੇ ਮਾਹੌਲ ਵਿੱਚ ਸਮਾਪਤ ਹੋ ਗਿਆ। ਪੂਰੇ ਜ਼ੀਰਕਪੁਰ ਖੇਤਰ ਵਿੱਚ ਛਠ ਪੂਜਾ ਧੂਮਧਾਮ ਨਾਲ ਮਨਾਈ ਗਈ। ਘੱਗਰ ਦਰਿਆ ਅਤੇ ਭਬਾਤ ਵਿੱਚ ਤਿਆਰ ਕੀਤੇ ਘਾਟਾਂ ’ਤੇ ਸਵੇਰੇ ਤੋ ਹੀ ਭਾਰੀ ਭੀੜ ਦੇ ਦਰਸ਼ਨ ਹੋਏ। ਭਗਤਾਂ ਨੇ ਪਰੰਪਰਾਗਤ ਰੀਤੀ ਅਨੁਸਾਰ ਦਰਿਆ ਕੰਢੇ ਫੁੱਲ, ਫਲ ਅਤੇ ਪ੍ਰਸਾਦ ਅਰਪਿਤ ਕਰਕੇ ਪਰਿਵਾਰ ਦੀ ਖੁਸ਼ਹਾਲੀ ਅਤੇ ਸੁਖ-ਸਮ੍ਰਿੱਧੀ ਦੀ ਕਾਮਨਾ ਕੀਤੀ। ਭਬਾਤ ਦੇ ਮੁੱਖ ਘਾਟ ’ਤੇ ਇਸ ਵਾਰ ਖਾਸ ਰੌਣਕ ਰਹੀ। ਭਬਾਤ ਛਠ ਪੂਜਾ ਸੇਵਾ ਸੋਸਾਇਟੀ ਵੱਲੋਂ ਤਿਆਰ ਕੀਤੇ ਸੁੰਦਰ ਘਾਟ ਰੋਸ਼ਨੀ ਅਤੇ ਸਜਾਵਟ ਨਾਲ ਚਮਕ ਰਹੇ ਸਨ। ਸ਼ਰਧਾਲੂਆਂ ਨੇ ਵੀ ਆਪਣੀ ਪੱਖੋਂ ਸਜਾਵਟ ਵਿੱਚ ਯੋਗਦਾਨ ਪਾਇਆ, ਜਿਸ ਨਾਲ ਪੂਰਾ ਮਾਹੌਲ ਭਗਤੀ ਦੇ ਰੰਗ ਵਿੱਚ ਰੰਗਿਆ ਦਿਖਾਈ ਦਿੱਤਾ। ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਗਈ ਸੀ, ਤਾਂ ਜੋ ਪੂਜਾ ਵਿਧੀ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਹੋ ਸਕੇ। ਕਾਰਜਕਰਮ ਵਿੱਚ ਭਾਜਪਾ ਨੇਤਾ ਸੰਜੀਵ ਖੰਨਾ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਅਤੇ ਸ਼ਰਧਾਲੂਆਂ ਨਾਲ ਮਿਲ ਕੇ ਉਗਦੇ ਸੂਰਜ ਨੂੰ ਅਰਘ ਅਰਪਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਛਠ ਮਹਾਪਰਵ ਸਾਡੀ ਸੰਸਕ੍ਰਿਤੀ ਦੀ ਰੂਹ ਹੈ ਅਤੇ ਜ਼ੀਰਕਪੁਰ ਵਿੱਚ ਲੋਕਾਂ ਦੀ ਇੰਨੀ ਵੱਡੀ ਹਾਜ਼ਰੀ ਇਹ ਸਾਬਤ ਕਰਦੀ ਹੈ ਕਿ ਇੱਥੇ ਸਮਾਜਿਕ ਸਦਭਾਵਨਾ ਅਤੇ ਅਨੁਸ਼ਾਸਨ ਅੱਜ ਵੀ ਮਜ਼ਬੂਤ ਹੈ। ਉਨ੍ਹਾਂ ਨੇ ਇਸ ਤਿਉਹਾਰ ਨੂੰ ਏਕਤਾ ਅਤੇ ਅਸਥਾ ਦਾ ਪ੍ਰਤੀਕ ਦੱਸਿਆ। ਉਸ਼ਾ ਅਰਘ ਦੇ ਨਾਲ ਹੀ ਚਾਰ ਦਿਨਾਂ ਤੱਕ ਚੱਲਦੇ ਛਠ ਮਹਾਪਰਵ ਦਾ ਸਮਾਪਨ ਹੋਇਆ। ਇਹ ਤਿਉਹਾਰ ਨਹਾਇ-ਖਾਇ, ਖਰਨਾ, ਸੰਧਿਆ ਅਰਘ ਅਤੇ ਉਸ਼ਾ ਅਰਘ ਵਰਗੀਆਂ ਪਰੰਪਰਾਗਤ ਰਸਮਾਂ ਅਨੁਸਾਰ ਮਨਾਇਆ ਜਾਂਦਾ ਹੈ। ਇਸ ਵਾਰ 25 ਤੋਂ 28 ਅਕਤੂਬਰ ਤੱਕ ਮਨਾਏ ਗਏ ਇਸ ਤਿਉਹਾਰ ਦੌਰਾਨ ਭਗਤਾਂ ਨੇ ਕਾਰਤਿਕ ਸ਼ੁਕਲ ਪੱਖ ਦੀ ਚਤੁਰਥੀ ਤੋਂ ਸਪਤਮੀ ਤੱਕ ਸੂਰਜ ਦੇਵ ਦੀ ਉਪਾਸਨਾ ਕੀਤੀ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਇਸ ਵਾਰ ਘਾਟਾਂ ਦੀ ਸਜਾਵਟ ਅਤੇ ਪ੍ਰਬੰਧ ਪਿਛਲੇ ਸਾਲਾਂ ਨਾਲੋਂ ਵਧੀਆ ਰਹੇ ਅਤੇ ਲੋਕਾਂ ਨੇ ਪੂਰੀ ਸ਼ਰਧਾ ਅਤੇ ਅਨੁਸ਼ਾਸਨ ਨਾਲ ਪੂਜਾ-ਅਰਚਨਾ ਕੀਤੀ। ਤਿਉਹਾਰ ਦੇ ਸਮਾਪਨ ਨਾਲ ਪੂਰੇ ਖੇਤਰ ਵਿੱਚ ਆਧਿਆਤਮਿਕ ਅਤੇ ਭਗਤੀਮਈ ਮਾਹੌਲ ਬਣਿਆ ਰਿਹਾ।

Leave a Reply

Your email address will not be published. Required fields are marked *