
ਪੱਤਰਕਾਰ ਹਿਮਾਂਸ਼ੂ ਹੈਰੀ
ਰਾਜਪੁਰਾ,04 ਅਪ੍ਰੈਲ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਆ ਰਹੀਆਂ ਲੋਕ ਸਭਾ ਚੋਣਾਂ (2024) ਦੇ ਮੱਦਦੇਨਜ਼ਰ ਮਾਣਯੋਗ ਐਸ.ਡੀ.ਐਮ. ਜਸਲੀਨ ਕੌਰ ਭੁੱਲਰ ਨੇ ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖ਼ੇ ਪਹੁੰਚ ਕੇ ਡਾ. ਗੁਰਪ੍ਰੀਤ ਸਿੰਘ ‘ਜੀਪੀ’ ਨੋਡਲ ਅਫ਼ਸਰ (ਸਵੀਪ-111) ਦੁਆਰਾ ਵੋਟਾਂ ਤੇ ਲਿਖਿਆ ਗਾਣਾ ‘ਵੋਟ ਪਾਉਣੀ ਏ ਜ਼ਰੂਰੀ ਏਹ ਹੱਕ ਤੇਰਾ ਏ’ ਰਿਲੀਜ਼ ਕੀਤਾ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਗਾਣਾ ਚੋਣ ਵਿਭਾਗ ਪੰਜਾਬ ਦੀ ਵੈਬਸਾਈਟ ਤੇ ਅਪਲੋਡ ਕੀਤਾ ਜਾਵੇਗਾ ਅਤੇ ਇਸ ਗਾਣੇ ਦਾ ਲਿੰਕ ਪੂਰੇ ਪੰਜਾਬ ਵਿੱਚ ਜਲਦੀ ਹੀ ਸਾਂਝਾ ਕੀਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਡਾ. ਗੁਰਪ੍ਰੀਤ ਸਿੰਘ ਦੁਆਰਾ ਲਿਖੇ ਗਾਣੇ ਦਾ ਹਰ ਇੱਕ ਸ਼ਬਦ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਦਾ ਹੈ ਅਤੇ ਸਾਨੂੰ ਉਮੀਦ ਵੀ ਹੈ ਕਿ ਪੰਜਾਬ ਵਿੱਚ ਵੋਟਾਂ ਦੀ ਦਰ ਵਧਾਉਣ ਵਿੱਚ ਇਹ ਗਾਣਾ ਮਹੱਤਵਪੂਰਨ ਯੋਗਦਾਨ ਪਾਵੇਗਾ।ਗਾਣਾ ਰਿਲੀਜ਼ ਸਮਾਰੋਹ ਵਿੱਚ ਡਾ. ਸਵਿੰਦਰ ਸਿੰਘ ਰੇਖੀ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਅਤੇ ਮੋਹਿਤ ਕੌਸ਼ਲ ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਉਚੇਚੇ ਤੌਰ ਤੇ ਪਹੁੰਚੇ। ਕਾਲਜ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਲੋਕ ਸਭਾ ਚੋਣਾਂ ਵਿੱਚ ਚੋਣ ਦਰ ਵਧਾਉਣ ਲਈ ਕਾਲਜ ਆਪਣੇ ਵੱਲੋਂ ਬਣਦਾ ਹਰ ਯੋਗਦਾਨ ਪਾਵੇਗਾ। ਜ਼ਿਲ੍ਹਾ ਨੋਡਲ ਅਫ਼ਸਰ ਨੇ ਵੋਟਰ ਹੈਲਪ ਲਾਈਨ ਐਪ ਅਤੇ ਐਪ ਵਿਚਲੀਆਂ ਸਹੂਲਤਾਂ ਤੋਂ ਸੱਭ ਨੂੰ ਜਾਣੂ ਕਰਵਾਇਆ। ਡਾ. ਮਨਦੀਪ ਕੌਰ ਨੇ ਚੋਣਾਂ ਵਿੱਚ ਔਰਤਾਂ ਦੀ ਭਾਗੇਦਾਰੀ ਤੇ ਵਿਚਾਰ ਪੇਸ਼ ਕਰਕੇ ਕਾਲਜ ਦੇ ਲੇਡੀਜ਼ ਸਟਾਫ਼ ਅਤੇ ਵਿਦਿਆਰਥਣਾਂ ਨੂੰ ਆ ਰਹੀਆਂ ਲੋਕ ਸਭਾ ਵੋਟਾਂ ਵਿੱਚ ਆਪ ਅਤੇ ਹੋਰਨਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਉਪਰੰਤ ਸਵੀਪ ਟੀਮ ਪਟਿਆਲਾ ਨਾਲ ਆਏ ਬੱਚਿਆਂ ਵੱਲੋਂ ਪਹਿਲਾਂ ਪਟੇਲ ਕਾਲਜ ਅਤੇ ਫਿਰ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਕਾਲਕਾ ਰੋਡ ਰਾਜਪੁਰਾ ਵਿਖ਼ੇ ਵੋਟਾਂ ਤੇ ਅਧਾਰਿਤ ਇੱਕ ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਐਸ. ਡੀ. ਐਮ. ਦਫ਼ਤਰ ਦੇ ਕਰਮਚਾਰੀਆ ਦੇ ਨਾਲ ਨਾਲ ਕਾਲਜ ਅਤੇ ਸਕੂਲ ਦੇ ਸਟਾਫ਼ ਮੌਜ਼ੂਦ ਸਨ।