ਵਿਧਾਇਕਾ ਨੀਨਾ ਮਿੱਤਲ ਵੱਲੋਂ ਹਲਕਾ ਰਾਜਪੁਰਾ ਵਾਸੀਆਂ ਨੂੰ ਵੱਡਮੁੱਲੀ ਅਤੇ ਨਵੀਂ ਸੌਗਾਤ

ਰਾਜਪੁਰਾ,11 ਅਕਤੂਬਰ (ਹਿਮਾਂਸ਼ੂ ਹੈਰੀ): ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਰਾਜਪੁਰਾ ਵਾਸੀਆਂ ਲਈ ਇੱਕ ਹੋਰ ਵੱਡੀ ਸੌਗਾਤ ਦਿੱਤੀ ਹੈ। ਉਨ੍ਹਾਂ ਦੇ ਯਤਨਾਂ ਸਦਕਾ ਧੰਮੋਲੀ ਰੇਲਵੇ ਅੰਡਰਪਾਸ (LC-3) ਦੇ ਕੰਮ ਨੂੰ ਮਨਜ਼ੂਰੀ ਮਿਲ ਗਈ ਹੈ ਅਤੇ ਜਲਦ ਹੀ ਇਸ ਪ੍ਰੋਜੈਕਟ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਅੰਡਰਪਾਸ ਦੇ ਬਣਨ ਨਾਲ ਦਰਜਨਾਂ ਪਿੰਡਾਂ ਨੂੰ ਸਿੱਧਾ ਰਾਜਪੁਰਾ ਸ਼ਹਿਰ ਨਾਲ ਜੋੜਿਆ ਜਾਵੇਗਾ, ਜਿਸ ਨਾਲ ਆਵਾਜਾਈ ਦੀ ਸਹੂਲਤ ਬਹੁਤ ਸੁਧਰ ਜਾਵੇਗੀ।ਵਿਧਾਇਕਾ ਨੀਨਾ ਮਿੱਤਲ ਨੇ ਦੱਸਿਆ ਕਿ ਇਹ ਪ੍ਰੋਜੈਕਟ ਸਿਰਫ ਰਾਜਪੁਰਾ ਸ਼ਹਿਰ ਲਈ ਹੀ ਨਹੀਂ, ਸਗੋਂ ਆਸ-ਪਾਸ ਦੇ ਪਿੰਡਾਂ ਦੇ ਹਜ਼ਾਰਾਂ ਰਹਿਣ ਵਾਲਿਆਂ ਲਈ ਵੀ ਬੇਹੱਦ ਲਾਭਕਾਰੀ ਸਾਬਤ ਹੋਵੇਗਾ। ਖ਼ਾਸ ਤੌਰ ‘ਤੇ ਸਕੂਲੀ ਬੱਚਿਆਂ ਨੂੰ ਇਸ ਅੰਡਰਪਾਸ ਦੇ ਬਣਨ ਨਾਲ ਵੱਡਾ ਫਾਇਦਾ ਮਿਲੇਗਾ, ਕਿਉਂਕਿ ਹੁਣ ਉਹਨਾਂ ਨੂੰ ਦੂਰਦਰਾਜ਼ ਰਸਤੇ ਤੋਂ ਘੁੰਮ ਕੇ ਆਉਣ ਦੀ ਬਜਾਏ ਸਿੱਧਾ ਅਤੇ ਸੁਰੱਖਿਅਤ ਰਸਤੇ ਨਾਲ ਆਪਣੇ ਸਕੂਲ ਪਹੁੰਚਣਾ ਆਸਾਨ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਰਾਜਪੁਰਾ ਵਾਸੀਆਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨਾ ਉਨ੍ਹਾਂ ਦੀ ਪਹਿਲ ਹੈ। ਵਿਧਾਇਕਾ ਨੀਨਾ ਮਿੱਤਲ ਨੇ ਯਾਦ ਕਰਵਾਇਆ ਕਿ 25 ਅਪ੍ਰੈਲ 2022 ਨੂੰ ਉਨ੍ਹਾਂ ਨੇ ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਨੂੰ ਧੰਮੋਲੀ ਅੰਡਰਪਾਸ ਦੀ ਮੰਗ ਪੇਸ਼ ਕੀਤੀ ਸੀ। ਉਸ ਤੋਂ ਬਾਅਦ 11 ਅਕਤੂਬਰ 2024 ਨੂੰ ਰੇਲਵੇ ਵਿਭਾਗ ਵੱਲੋਂ ਇਸ ਪ੍ਰੋਜੈਕਟ ਨੂੰ ਵਿਚਾਰ ਅਧੀਨ ਰੱਖਿਆ ਗਿਆ ਸੀ, ਤੇ ਆਖ਼ਰਕਾਰ 6 ਫ਼ਰਵਰੀ 2025 ਨੂੰ ਇਸ ਪ੍ਰੋਜੈਕਟ ਨੂੰ ਅਧਿਕਾਰਕ ਮਨਜ਼ੂਰੀ ਮਿਲ ਗਈ। ਤਦ ਪਿੱਛੋਂ 29 ਸਤੰਬਰ 2025 ਨੂੰ ਰੇਲਵੇ ਵਿਭਾਗ ਨੇ ਅੰਡਰਪਾਸ ਦਾ ਕੰਮ ਸ਼ੁਰੂ ਕਰਵਾਉਣ ਲਈ ਪ੍ਰਵਾਨਗੀ ਜਾਰੀ ਕੀਤੀ।ਵਿਧਾਇਕਾ ਨੀਨਾ ਮਿੱਤਲ ਨੇ ਇਸ ਸਫ਼ਲਤਾ ਲਈ ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਜੀ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਨਾ ਸਿਰਫ਼ ਆਮ ਲੋਕਾਂ ਦੀ ਰੋਜ਼ਮਰਹਾ ਦੀਆਂ ਮੁਸ਼ਕਲਾਂ ਘਟਾਵੇਗਾ, ਸਗੋਂ ਰਾਜਪੁਰਾ ਦੇ ਵਿਕਾਸ ਵਿਚ ਇੱਕ ਹੋਰ ਸੁਨਹਿਰੀ ਕੜੀ ਸ਼ਾਮਲ ਕਰੇਗਾ। ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ 2022 ਵਿਚ ਵਿਧਾਨ ਸਭਾ ਵਿੱਚ ਸਹੁੰ ਚੁੱਕਣ ਤੋਂ ਬਾਅਦ ਹੀ ਉਨ੍ਹਾਂ ਨੇ ਰਾਜਪੁਰਾ ਹਲਕੇ ਦੇ ਵਿਕਾਸ ਲਈ ਵਿਸਥਾਰਤ ਯੋਜਨਾ ‘ਤੇ ਕੰਮ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੇ ਯਤਨਾਂ ਨਾਲ ਹਾਲੀਆਂ ਵਰ੍ਹਿਆਂ ਵਿੱਚ ਕਈ ਲੋਕ ਹਿੱਤ ਦੇ ਪ੍ਰੋਜੈਕਟ ਸਫਲਤਾਪੂਰਵਕ ਪੂਰੇ ਹੋਏ ਹਨ, ਜਿਵੇਂ ਕਿ ਜੀ ਟੀ ਰੋਡ ਤੋਂ ਕੱਟ ਪ੍ਰਾਚੀਨ ਨਲਾਸ ਮੰਦਰ ਲਈ, ਖੰਡਰ ਬਣੇ ਬੱਸ ਸਟੈਂਡ ਦੀ ਮੁੜ ਸੁਧਾਈ, ਅਤੇ ਜਨਤਾ ਸਕੂਲ ਨੇੜਲੇ ਰੇਲਵੇ ਓਵਰਬ੍ਰਿਜ਼ ਨੂੰ ਚਾਲੂ ਕਰਵਾਉਣਾ। ਇਹ ਸਾਰੇ ਉਪਰਾਲੇ ਰਾਜਪੁਰਾ ਵਾਸੀਆਂ ਲਈ ਵੱਡਮੁੱਲੀਆਂ ਸੌਗਾਤਾਂ ਸਾਬਤ ਹੋਏ ਹਨ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਹਲਕਾ ਰਾਜਪੁਰਾ ਦੇ ਵਾਸੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦਾ ਮੁੱਢਲਾ ਫਰਜ਼ ਹੈ ਅਤੇ ਉਹ ਰਾਜਪੁਰਾ ਨੂੰ ਪੰਜਾਬ ਦੇ ਸਭ ਤੋਂ ਮੋਹਰੀ ਹਲਕਿਆਂ ਵਿਚ ਸ਼ਾਮਲ ਕਰਨ ਲਈ ਵਚਨਬੱਧ ਹਨ।ਉਨ੍ਹਾਂ ਹਲਕੇ ਦੇ ਸਮੂਹ ਇਲਾਕਾ ਵਾਸੀਆਂ ਨੂੰ ਧੰਮੋਲੀ ਰੇਲਵੇ ਅੰਡਰਪਾਸ ਦੇ ਕੰਮ ਦੀ ਜਲਦ ਸ਼ੁਰੂਆਤ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜਲਦੀ ਹੀ ਇਹ ਪ੍ਰੋਜੈਕਟ ਹਕੀਕਤ ਦਾ ਰੂਪ ਧਾਰੇਗਾ, ਜਿਸ ਨਾਲ ਰਾਜਪੁਰਾ ਹਲਕੇ ਦੀ ਤਸਵੀਰ ਹੋਰ ਵੀ ਸੁੰਦਰ ਤੇ ਸੁਵਿਧਾਜਨਕ ਹੋ ਜਾਵੇਗੀ।