ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਅਤੇ ਘਨੌਰ ਵਿਧਾਇਕ ਗੁਰਲਾਲ ਘਨੌਰ ਵੱਲੋਂ ਨਵ-ਨਿਯੁਕਤ ਟੀਮ ਨੂੰ ਦਿੱਤੀ ਮੁਬਾਰਕਬਾਦ

ਪਟਿਆਲਾ/ਰਾਜਪੁਰਾ,10 ਸਤੰਬਰ (ਹਿਮਾਂਸ਼ੂ ਹੈਰੀ): ਦੀ ਰਾਜਪੁਰਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਰਾਜਪੁਰਾ (ਪੰਜਾਬ ਲੈਂਡ ਮਾਰਗੇਜ ਬੈਂਕ) ਕਮੇਟੀ ਦੀ ਨਵੀਂ ਚੇਅਰਮੈਨਸ਼ਿਪ ਲਈ ਅੱਜ ਹੋਈ ਮਹੱਤਵਪੂਰਨ ਮੀਟਿੰਗ ਵਿੱਚ ਡਾਇਰੈਕਟਰਾਂ ਵੱਲੋਂ ਸਰਬਸੰਮਤੀ ਨਾਲ ਲਖਵੀਰ ਗੁਜ਼ਰ ਨੂੰ ਚੇਅਰਮੈਨ ਚੁਣਿਆ ਗਿਆ। ਇਹ ਮੀਟਿੰਗ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਦੀ ਸਾਂਝੀ ਅਗਵਾਈ ਹੇਠ ਹੋਈ ਡਾਇਰੈਕਟਰਾਂ ਦੀ ਚੋਣ ਬਾਅਦ ਹੋਈ ਬੈਠਕ ਵਿੱਚ ਚੇਅਰਮੈਨ ਦੇ ਨਾਲ-ਨਾਲ ਹੋਰ ਅਹੁਦਿਆਂ ਲਈ ਵੀ ਸਰਬਸੰਮਤੀ ਹੋਈ ਜਿਸ ਵਿਚ ਗੁਰਜੀਤ ਸਿੰਘ ਰਾਜਗੜ ਨੂੰ ਚੰਡੀਗੜ੍ਹ ਲੋਨ ਕਮੇਟੀ ਮੈਂਬਰ ਅਤੇ ਜਸਵੀਰ ਸਿੰਘ ਗੁਰਨਾਖੇੜੀ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ। ਇਸ ਤੋਂ ਇਲਾਵਾ ਜਗਦੀਸ਼ ਸਿੰਘ ਚੰਗੇਰਾ, ਨਿਰਮਲ ਸਿੰਘ ਅਤੇ ਬੱਗਾ ਸਿੰਘ ਸੈਦਖੇੜੀ ਨੂੰ ਲੋਨ ਕਮੇਟੀ ਮੈਂਬਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ।ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਵੱਲੋਂ ਗੁਰਤਾਜ ਸਿੰਘ ਸੰਧੂ ਅਤੇ ਵਿਧਾਇਕਾ ਨੀਨਾ ਮਿੱਤਲ ਵੱਲੋਂ ਬਲਾਕ ਪ੍ਰਧਾਨ ਜਗਦੀਪ ਸਿੰਘ ਅਲੂਣਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਦੋਵੇਂ ਵਿਧਾਇਕਾਂ ਨੇ ਨਵ-ਨਿਯੁਕਤ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਜ਼ਾਹਿਰ ਕੀਤੀ ਕਿ ਇਹ ਟੀਮ ਖੇਤੀਬਾੜੀ ਅਤੇ ਪਿੰਡ ਪੱਧਰ ਦੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਅਹਿਮ ਯੋਗਦਾਨ ਪਾਏਗੀ।ਇਸ ਮੌਕੇ ਨਵ-ਚੁਣੇ ਚੇਅਰਮੈਨ ਲਖਵੀਰ ਗੁਜ਼ਰ ਨੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਵਿਧਾਇਕ ਗੁਰਲਾਲ ਘਨੌਰ ਵੱਲੋਂ ਦਿੱਤੇ ਗਏ ਭਰੋਸੇ ‘ਤੇ ਉਹ ਖਰੇ ਉਤਰਣ ਲਈ ਉਹ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਨਾ ਸਿਰਫ਼ ਇੱਕ ਮਾਣ ਹੈ, ਸਗੋਂ ਕਿਸਾਨਾਂ ਅਤੇ ਪੇਂਡੂ ਭਾਈਚਾਰੇ ਦੀ ਸੇਵਾ ਕਰਨ ਦਾ ਵੱਡਾ ਮੌਕਾ ਵੀ ਹੈ।ਲਖਵੀਰ ਗੁਜ਼ਰ ਨੇ ਕਿਹਾ ਕਿ ਰਾਜਪੁਰਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਸਿੱਧੇ ਤੌਰ ‘ਤੇ ਕਿਸਾਨਾਂ ਨਾਲ ਜੁੜਿਆ ਹੈ ਅਤੇ ਖੇਤੀਬਾੜੀ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਰਥਿਕ ਮਦਦ ਪ੍ਰਦਾਨ ਕਰਨਾ ਇਸ ਬੈਂਕ ਦੀ ਮੁੱਖ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਵਿੱਤੀ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੈਂਕ ਦੀਆਂ ਯੋਜਨਾਵਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਇਆ ਜਾਵੇਗਾ। ਲਖਵੀਰ ਗੁਜ਼ਰ ਨੇ ਯਕੀਨ ਦਵਾਇਆ ਕਿ ਬੈਂਕ ਕਮੇਟੀ ਦੀ ਨਵੀਂ ਟੀਮ ਇਕਜੁੱਟ ਹੋ ਕੇ ਕੰਮ ਕਰੇਗੀ ਤਾਂ ਜੋ ਪਿੰਡ ਪੱਧਰ ਦੇ ਲੋਕਾਂ ਨੂੰ ਆਸਾਨੀ ਨਾਲ ਲੋਨ ਅਤੇ ਹੋਰ ਵਿੱਤੀ ਸਹਾਇਤਾ ਮਿਲ ਸਕੇ। ਇਸ ਨਾਲ ਨਾ ਸਿਰਫ਼ ਕਿਸਾਨਾਂ ਦੇ ਸੁਪਨੇ ਸਾਕਾਰ ਹੋਣਗੇ, ਸਗੋਂ ਪੰਜਾਬ ਦੇ ਪੇਂਡੂ ਖੇਤਰਾਂ ਦਾ ਆਰਥਿਕ ਵਿਕਾਸ ਵੀ ਹੋਵੇਗਾ। ਉਨਾ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਹੋਰ ਵੱਡੇ ਕਦਮ ਚੁੱਕੇ ਜਾਣਗੇ।ਇਸ ਮੌਕੇ ਆਮ ਆਦਮੀ ਪਾਰਟੀ ਦੇ ਹੋਰ ਸੀਨੀਅਰ ਅਹੁਦੇਦਾਰ ਅਤੇ ਬੈਂਕ ਦੇ ਅਧਿਕਾਰੀ ਵੀ ਮੌਜੂਦ ਸਨ।