ਵਿਧਾਇਕਾ ਨੀਨਾ ਮਿੱਤਲ ਨੇ ਵਾਰਡ ਨੰਬਰ 24 ਵਿਚ ਕੀਤੀ ਪਬਲਿਕ ਮਿਲਣੀ

ਰਾਜਪੁਰਾ ਦੇ ਹਰੇਕ ਵਾਰਡ ਵਿਚ ਸਹੂਲਤਾਂ ਦੀ ਬਰਾਬਰ ਵੰਡ ਕੀਤੀ ਜਾਵੇਗੀ: ਵਿਧਾਇਕਾ ਨੀਨਾ ਮਿੱਤਲ 

ਰਾਜਪੁਰਾ,24 ਅਗਸਤ(ਹਿਮਾਂਸ਼ੂ ਹੈਰੀ): ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਵੱਲੋਂ ਅੱਜ ਸ਼ਹਿਰ ਦੇ ਵਾਰਡ ਨੰਬਰ 24 ਵਿਚ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਪਾਰਟੀ ਦੇ ਵਾਰਡ ਇੰਚਾਰਜ ਯੂਥ ਆਗੂ ਸਰਬਜੋਤ ਸਿੰਘ ਦੀ ਅਗਵਾਈ ਹੇਠ ਪਬਲਿਕ ਮਿਲਣੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਵਾਰਡ ਵਾਸੀਆਂ ਨਾਲ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਹੱਲ ਕਰਨ ਦੇ ਹੁਕਮ ਜਾਰੀ ਕੀਤੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬੂਨਿਆਦੀ ਸਹੂਲਤਾਂ ਪ੍ਰਦਾਨ ਕਰਵਾਉਣ ਅਤੇ ਵੱਖ-ਵੱਖ ਭਲਾਈ ਯੋਜਨਾਵਾਂ ਨੂੰ ਸਮੇਂ ਸਿਰ ਲਾਗੂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੈਡਮ ਨੀਨਾ ਮਿੱਤਲ ਨੇ ਦ੍ਰਿੜਤਾ ਨਾਲ ਕਿਹਾ ਕਿ ਰਾਜਪੁਰਾ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ।ਉਨ੍ਹਾਂ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਵੱਖ-ਵੱਖ ਪਾਰਟੀਆਂ ਨੇ ਆਪਣੇ ਕਾਰਜਕਾਲ ਦੌਰਾਨ ਰਾਜਨੀਤਿਕ ਲਾਭ ਲਈ ਕੁਝ ਖਾਸ ਇਲਾਕਿਆਂ ਨੂੰ ਤਰਜੀਹ ਦਿੱਤੀ ਅਤੇ ਬਾਕੀ ਸ਼ਹਿਰ ਨੂੰ ਵਿਕਾਸ ਕਾਰਜਾਂ ਤੋਂ ਵਿਰਵਾ ਰੱਖਿਆ ਹੈ।ਉਨ੍ਹਾਂ ਭਰੋਸਾ ਦਿਵਾਇਆ ਕਿ ਹੁਣ ਇਹ ਹਾਲਾਤ ਬਦਲਣਗੇ ਅਤੇ ਹਰੇਕ ਵਾਰਡ ਵਿਚ ਸਹੂਲਤਾਂ ਦੀ ਬਰਾਬਰ ਵੰਡ ਕੀਤੀ ਜਾਵੇਗੀ।ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਲੋਕ ਭਲਾਈ ਯੋਜਨਾਵਾਂ ਨੂੰ ਬੂਥ ਲੈਵਲ ਤੱਕ ਲਾਗੂ ਕਰਨ ਲਈ ਮਜ਼ਬੂਤ ਨਿਗਰਾਨੀ ਪ੍ਰਣਾਲੀ ਬਣਾਈ ਗਈ ਹੈ, ਤਾਂ ਜੋ ਕਿਸੇ ਵੀ ਵਾਰਡ ਦਾ ਨਿਵਾਸੀ ਸਹੂਲਤਾਂ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਸਿਖਰਲੀ ਤਰਜੀਹ ਹੈ ਅਤੇ ਇਸ ਲਈ ਖ਼ਾਸ ਟੀਮਾਂ ਤਿਆਰ ਕੀਤੀਆਂ ਗਈਆਂ ਹਨ।ਪਬਲਿਕ ਮਿਲਣੀ ਦੌਰਾਨ ਵਾਰਡ ਨਿਵਾਸੀਆਂ ਵੱਲੋਂ ਸਫ਼ਾਈ ਪ੍ਰਣਾਲੀ, ਸੜਕਾਂ ਦੀ ਮੁਰੰਮਤ, ਗੰਦਗੀ ਨਿਕਾਸੀ ਅਤੇ ਪਾਣੀ ਸਪਲਾਈ ਵਰਗੀਆਂ ਸਮੱਸਿਆਵਾਂ ਉਠਾਈਆਂ ਗਈਆਂ। ਇਸ ‘ਤੇ ਵਿਧਾਇਕਾ ਨੇ ਤੁਰੰਤ ਕਾਰਵਾਈ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਹ ਸਾਰੀਆਂ ਮੁਸ਼ਕਲਾਂ ਜਲਦੀ ਦੂਰ ਕੀਤੀਆਂ ਜਾਣਗੀਆਂ।ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਸ਼ਹਿਰ ਨੂੰ ਸੁੰਦਰ ਅਤੇ ਵਿਕਸਤ ਬਣਾਉਣਾ ਸਾਡੀ ਪਹਿਲੀ ਤਰਜੀਹ ਹੈ। ਲੋਕਾਂ ਦੇ ਸਹਿਯੋਗ ਨਾਲ ਰਾਜਪੁਰਾ ਨੂੰ ਸੂਬੇ ਦੇ ਮੁਹਰਲੇ ਸ਼ਹਿਰਾਂ ਦੀ ਕਤਾਰ ਵਿੱਚ ਸ਼ਾਮਲ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਨੇ ਹਲਕੇ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੇ ਵਿਕਾਸ ਵਿੱਚ ਸਹਿਯੋਗ ਦੇਣ ਅਤੇ ਸਰਕਾਰੀ ਯੋਜਨਾਵਾਂ ਤੋਂ ਪੂਰਾ ਲਾਭ ਲੈਣ।ਇਸ ਮੌਕੇ ਰੀਤੇਸ ਬਾਂਸਲ, ਸਚਿਨ ਮਿੱਤਲ, ਰਾਜੇਸ਼ ਬੋਵਾ ਯੂਥ ਪ੍ਰਧਾਨ,ਧਨਵੰਤ ਸਿੰਘ,ਦੇਸ਼ ਰਾਜ,ਯਸ਼ ਕੱਪਲਾ, ਕਵੀਤਾ ਆਰੋੜਾ, ਭਾਰਤੀ, ਜਸ਼ਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਾਰਡ ਨੰਬਰ 24 ਦੇ ਨਿਵਾਸੀ ਮੌਜੂਦ ਸਨ।

Leave a Reply

Your email address will not be published. Required fields are marked *