
ਰਾਜਪੁਰਾ,22 ਅਪ੍ਰੈਲ(ਹਿਮਾਂਸ਼ੂ ਹੈਰੀ):ਸੇਵਾ ਭਾਰਤੀ ਰਾਜਪੁਰਾ ਵੱਲੋਂ ਰਾਜਪੁਰਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇੱਕ ਉੱਤੇ ਹਰ ਸਾਲ ਦੀ ਤਰਾਂ ਯਾਤਰੀਆਂ ਦੇ ਲਈ ਜਲ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਉੱਤੇ ਸਮਾਜ ਸੇਵੀ ਵਿਜੇ ਕਿੰਗਰ ਸੇਵਕ ਟਿੰਬਰ ਸਟੋਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਧਾਰਮਿਕ ਆਗੂ ਖੁਸ਼ੀ ਭਾਂਬਰੀ, ਸੰਜੇ ਸਿੰਧੀ ਅਤੇ ਰੇਲਵੇ ਪੁਲਿਸ ਫੋਰਸ ਦੇ ਗੁਰਪ੍ਰੀਤ ਸਿੰਘ ਨੇ ਸ਼ਿਰਕਤ ਕਰਕੇ ਜਲ ਸੇਵਾ ਦੀ ਸ਼ੁਰੂਆਤ ਕਰਵਾਈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤ ਮਾਤਾ ਦੇ ਚਿੱਤਰ ਅੱਗੇ ਦੀਪ ਜਗਾਇਆ ਗਿਆ। ਇਸ ਦੌਰਾਨ ਸਵਾਮੀ ਵਿਵੇਕਾਨੰਦ ਬਾਲ ਸੰਸਕਾਰ ਕੇਂਦਰ ਦੇ ਬੱਚਿਆਂ ਵੱਲੋਂ ਅਰਦਾਸ ਵੀ ਕੀਤੀ ਗਈ। ਸੇਵਾ ਭਰਤੀ ਦੁਆਰਾ ਜਲ ਸੇਵਾ ਦੇ ਮੁਖੀ ਗਰੀਸ਼ ਬਜਾਜ ਅਤੇ ਹੋਰਨਾਂ ਅਹੁਦੇਦਾਰਾਂ ਦੁਆਰਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਮਹਿਮਾਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਸੇਵਾ ਭਾਰਤੀ ਪੰਜਾਬ ਦੇ ਪ੍ਰਧਾਨ ਪ੍ਰਦੀਪ ਵੱਲੋਂ ਪੰਜਾਬ ਪੱਧਰ ਉੱਤੇ ਸੇਵਾ ਭਾਰਤੀ ਦੁਆਰਾ ਚਲਾਏ ਜਾ ਰਹੇ ਪ੍ਰੋਗਰਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸੇਵਾ ਭਾਰਤੀ ਦੇ ਸਰਪ੍ਰਸਤ ਨਵਦੀਪ ਅਰੋੜਾ ਨੇ ਸੰਸਥਾ ਦੇ ਨਾਲ ਜੁੜੇ ਵੱਖ ਵਖ ਅਹੁਦੇਦਾਰਾਂ ਦੀ ਜਾਣ ਪਹਿਚਾਣ ਕਰਵਾਉਂਦਿਆਂ ਸੇਵਾ ਭਾਰਤੀ ਨੂੰ ਸਹਿਯੋਗ ਦੇਣ ਵਾਲੇ ਸੇਵਾਦਾਰਾਂ ਦਾ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਧੰਨਵਾਦ ਕੀਤਾ। ਜਨਰਲ ਸਕੱਤਰ ਗਿਰਜੇਸ਼ ਕੁਮਾਰ ਵੱਲੋਂ ਰਾਜਪੁਰਾ ਵਿਖੇ ਸੇਵਾ ਭਾਰਤੀ ਦੁਆਰਾ ਚਲਾਏ ਜਾ ਰਹੇ ਵੱਖ ਵਖ ਕੰਮਾਂ ਸਬੰਧੀ ਚਾਨਣਾ ਪਾਉਂਦਿਆਂ ਜਲ ਸੇਵਾ ਦੇ ਲਈ ਸੇਵਾਦਾਰਾਂ ਨੂੰ ਅੱਗੇ ਆਉਣ ਅਤੇ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਪਵਨ ਪੰਡਿਤ, ਅਮਿਤ ਚੁੱਘ, ਓਪੀ ਗੋਂਗੀਆ, ਸੰਦੀਪ ਅਗਰਵਾਲ, ਰਜਿੰਦਰ ਪਾਸੀ, ਸਤੀਸ਼ ਚੌਹਾਨ, ਸਤੀਸ਼ ਵਰਮਾ, ਬਲਜੀਤ ਸਿੰਘ, ਆਤਮ ਪ੍ਰਕਾਸ਼, ਰਵੀ ਸ਼ੰਕਰ ਲਾਲ ਚੰਦ, ਕੇਸੀ ਚੁੱਘ, ਸੁਸ਼ੀਲ ਕੁਮਾਰ ਮਨੀਸ਼ ਕੁਮਾਰ, ਪ੍ਰਵੀਨ ਲਤਾ, ਸਮੇਤ ਹੋਰਨਾਂ ਨੇ ਸੇਵਾ ਨਿਭਾਈ। ਸੇਵਾ ਭਾਰਤੀ ਦੇ ਪ੍ਰਧਾਨ ਆਰਐਸ ਗੁਪਤਾ ਨੇ ਦੱਸਿਆ ਇਹ ਜਲ ਸੇਵਾ ਮਈ ਮਹੀਨੇ ਦੇ ਸ਼ੁਰੂ ਹੋ ਕੇ ਲਗਾਤਾਰ ਅਕਤੂਬਰ ਮਹੀਨੇ ਤੱਕ ਚੱਲੇਗੀ। ਜਿਸ ਵਿੱਚ ਰੇਲ ਦੇ ਵਿੱਚ ਯਾਤਰਾ ਕਰ ਰਹੇ ਯਾਤਰੀਆਂ ਅਤੇ ਰੇਲਵੇ ਸਟੇਸ਼ਨ ਤੇ ਪੁੱਜਣ ਵਾਲੇ ਲੋਕਾਂ ਨੂੰ ਠੰਡਾ ਜਲ ਛਕਾਇਆ ਜਾਵੇਗਾ।
ਫੋਟੋ ਕੈਪਸਨ 2- ਰਾਜਪੁਰਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇੱਕ ਉੱਤੇ ਸੇਵਾ ਭਾਰਤੀ ਰਾਜਪੁਰਾ ਵੱਲੋਂ ਸ਼ੁਰੂ ਕੀਤੀ ਜਲ ਸੇਵਾ ਦੀ ਸ਼ੁਰੂਆਤ ਕਰਾਉਂਦੇ ਹੋਏ ਮੁੱਖ ਮਹਿਮਾਨ ਅਤੇ ਅਹੁਦੇਦਾਰ।