
ਰਾਜਪੁਰਾ,30 ਅਗਸਤ(ਹਿਮਾਂਸ਼ੂ ਹੈਰੀ):ਤਿੰਨ ਸਫ਼ਲ ਕਿਸਾਨ ਮੇਲੇ ਲਗਾਉਣ ਤੋਂ ਬਾਅਦ ਹੁਣ ਚੌਥਾ ਕਿਸਾਨ ਮੇਲਾ ਸਤੰਬਰ ਮਹੀਨੇ ਵਿੱਚ 2 ਅਤੇ 3 ਸਤੰਬਰ ਨੂੰ ਰਾਜਪੁਰਾ ਸ਼ਹਿਰ ਦੀ ਦਾਣਾ ਮੰਡੀ ਵਿੱਚ ਲਗਾਇਆ ਜਾਵੇਗਾ।ਮੇਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਕਿਸਾਨ ਆਗੂ ਰਾਕੇਸ਼ ਟਕੈਤ, ਮੰਤਰੀ ਡਾ. ਬਲਜੀਤ ਕੌਰ, ਸ. ਗੁਰਮੀਤ ਸਿੰਘ ਖੁੱਡੀਆਂ, ਗੁਰਮੀਤ ਸਿੰਘ ਮੀਤ ਹੇਅਰ, ਨੀਨਾ ਮਿੱਤਲ, ਗੁਰਲਾਲ ਸਿੰਘ, ਬਲਤੇਜ ਪੰਨੂੰ ਉਚੇਚੇ ਰੂਪ ਵਿੱਚ ਪਹੁੰਚ ਰਹੇ ਹਨ।ਜਾਣਕਾਰੀ ਦਿੰਦਿਆਂ ਮੇਲੇ ਦੇ ਪ੍ਰਬੰਧਕਾਂ ਸਾਹਿਲ ਮੱਕੜ, ਹਰਦੀਪ ਸਿੰਘ ਸੰਧੂ, ਅਬਜਿੰਦਰ ਸੰਘਾ ਨੇ ਦੱਸਿਆ ਕਿ ਕਿਸਾਨ ਮੇਲੇ ਦੀ ਨਾ ਸਿਰਫ਼ ਇਲਾਕੇ ਦੇ ਕਿਸਾਨਾਂ ਨੂੰ ਸਗੋਂ ਦੂਰ ਦੁਰਾਡੇ ਦੇ ਕਿਸਾਨਾਂ ਨੂੰ ਵੀ ਕਾਫ਼ੀ ਉਡੀਕ ਹੈ, ਕਿਉਂਕਿ ਇਸ ਮੇਲੇ ਵਿੱਚ ਹਰ ਤਰ੍ਹਾਂ ਦੇ ਸੰਦ, ਬੀਜ, ਦਵਾਈਆਂ ਆਦਿ ਦੀ ਪ੍ਰਦਰਸ਼ਨੀ ਲਗਾਈ ਜਾਂਦੀ ਹੈ ਅਤੇ ਇਸ ਵਿੱਚ 100 ਤੋਂ ਵੀ ਵੱਧ ਰਾਸ਼ਟਰੀ ਅੰਤਰਰਾਸ਼ਟਰੀ ਕੰਪਨੀਆਂ ਹਿੱਸਾ ਲੈਣਗੀਆਂ। ਇਸ ਦੇ ਨਾਲ ਹੀ ਸੱਭਿਆਚਾਰਕ ਪ੍ਰੋਗਰਾਮ ਵੀ ਹੋਣਗੇ ਜਿੰਨ੍ਹਾਂ ਵਿੱਚ ਜਸਵਿੰਦਰ ਬਰਾੜ, ਦੀਪਕ ਢਿੱਲੋਂ, ਹਸਨ ਮਾਣਕ, ਜੋਬਨ ਸੰਧੂ, ਗੈਵੀ ਵਿਰਕ, ਮਾਨੀ ਕੇ ਗਿੱਲ, ਜਾਰਾ ਗਿੱਲ, ਜੁਗਨੀ ਢਿੱਲੋਂ ,ਕਰਮ ਬਰਾੜ ਅਤੇ ਹੋਰ ਗਾਇਕ ਆਪਣੀ ਗਾਇਕੀ ਪ੍ਰਸਤੁਤ ਕਰਨਗੇ । ਜ਼ਿਕਰਯੋਗ ਹੈ ਕਿ ਇਸ ਮੇਲੇ ਵਿੱਚ ਆਯੋਜਕਾਂ ਵੱਲੋਂ ਕਈ ਸਨਮਾਨ ਵੀ ਦਿੱਤੇ ਜਾਣਗੇ, ਜਿਸ ਵਿੱਚ ਪੁਆਧ ਦੀ ਧੀ, ਪੁਆਧ ਦਾ ਪੁੱਤ, ਪੰਜਾਬ ਦਾ ਪੁੱਤ, ਮਾਲਵੇ ਦਾ ਪੁੱਤ ਆਦਿ ਇਸ ਦੇ ਨਾਲ ਹੀ ਕਿਸਾਨ ਅੰਦੋਲਨ ਮੌਕੇ ਸ਼ਹੀਦ ਹੋਏ ਕਿਸਾਨਾਂ ਦੇ ਕਿਰਸਾਨ ਪਰਿਵਾਰਾਂ ਦਾ ਸਨਮਾਨ, ਮੇਲੇ ਵਿੱਚ ਉਚੇਚੇ ਤੌਰ ‘ਤੇ ਪਹੁੰਚ ਰਹੇ ਲਖੀਮਪੁਰ ਖੀਰੀ ਦੇ ਕਿਸਾਨਾਂ ਦਾ ਸਨਮਾਣ ਵੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਦੇ ਖੁਸ਼ਕਿਸਮਤ 1100 ਕਿਸਾਨਾਂ ਨੂੰ ਖਾਸ ਤੋਹਫ਼ੇ ਵੀ ਮਿਲਣਗੇ ।