ਲਕਛਮੀ ਦੇਵੀ ਦੀ ਅਗਵਾਈ ਹੇਠ ਮਹਿਲਾਵਾਂ ਕਰਦੀਆਂ ਹਨ 36 ਘੰਟਿਆਂ ਦਾ ਨਿਰਜਲਾ ਵਰਤ, 50 ਸਾਲਾਂ ਤੋਂ ਮਨਾਇਆ ਜਾ ਰਿਹਾ ਇਹ ਤਿਉਹਾਰ

ਰਾਜਪੁਰਾ, 27 ਅਕਤੂਬਰ (ਹਿਮਾਂਸ਼ੂ ਹੈਰੀ): ਸ੍ਰੀ ਰਾਧਾ ਕ੍ਰਿਸ਼ਨ ਮੰਦਰ ਮਿਰਚ ਮੰਡੀ ਵਿਖੇ ਛੱਠ ਪੂਜਾ ਦਾ ਪਵਿੱਤਰ ਤਿਉਹਾਰ ਬੜੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਪਵਿਤਰ ਪਰਬ 25 ਅਕਤੂਬਰ ਤੋਂ ਸ਼ੁਰੂ ਹੋਇਆ ਹੈ ਅਤੇ 28 ਅਕਤੂਬਰ ਨੂੰ ਸੂਰਜ ਨੂੰ ਅਰਘ ਦੇਣ ਨਾਲ ਸਮਾਪਤ ਹੋਵੇਗਾ। ਇਸ ਤਿਉਹਾਰ ਨੂੰ ਪ੍ਰਵਾਸੀ ਭਾਈਚਾਰਾ ਇਕੱਠੇ ਹੋ ਕੇ ਵੱਡੇ ਹੌਸਲੇ ਨਾਲ ਮਨਾਂਦਾ ਹੈ।ਮੁੱਖ ਸੇਵਾਦਾਰ ਲਕਛਮੀ ਦੇਵੀ ਦੀ ਅਗਵਾਈ ਹੇਠ ਮਹਿਲਾਵਾਂ 36 ਘੰਟਿਆਂ ਦਾ ਨਿਰਜਲਾ ਉਪਵਾਸ (ਵਰਤ) ਰੱਖਦੀਆਂ ਹਨ। ਮਹਿਲਾਵਾਂ ਭਗਵਾਨ ਸੂਰਜ ਅਤੇ ਛੱਠ ਮਾਤਾ ਦੀ ਅਰਾਧਨਾ ਕਰਦੀਆਂ ਹਨ ਅਤੇ ਪਰਿਵਾਰ ਦੀ ਖੁਸ਼ਹਾਲੀ, ਸੁਖ-ਸ਼ਾਂਤੀ ਤੇ ਸਮ੍ਰਿੱਧੀ ਲਈ ਪ੍ਰਾਰਥਨਾ ਕਰਦੀਆਂ ਹਨ। ਇਸ ਦੌਰਾਨ ਮੰਦਰ ਪ੍ਰੰਗਣ ਵਿੱਚ ਭਗਤੀ ਭਾਵ ਨਾਲ ਭਰੇ ਕੀਰਤਨ, ਭਜਨ ਤੇ ਪ੍ਰਸਾਦ ਵੰਡਣ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਹ ਤਿਉਹਾਰ ਪਿਛਲੇ 50 ਸਾਲਾਂ ਤੋਂ ਲਗਾਤਾਰ ਮਨਾਇਆ ਜਾ ਰਿਹਾ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਨਿਵਾਸੀ ਅਤੇ ਪ੍ਰਵਾਸੀ ਭਾਈਚਾਰੇ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੇ ਹਨ। ਛੱਠ ਪੂਜਾ ਦਾ ਇਹ ਪਵਿੱਤਰ ਤਿਉਹਾਰ ਆਸਥਾ, ਸਬਰ ਅਤੇ ਭਗਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।