ਰਾਜਪੁਰਾ ਦੀ ਸਟਰੀਟ ਵੈਂਡਰ ਮਾਰਕੀਟ ਬਣੀ ‘ਪਾਰਕਿੰਗ ਗਰਾਊਂਡ’ ਅਤੇ ‘ਗੰਦਗੀ ਦਾ ਅੱਡਾ ਪ੍ਰਸ਼ਾਸਨ ਦੀ ਅਣਗਹਿਲੀ: ਇੱਕ ਮਹੀਨਾ ਬੀਤਣ ਦੇ ਬਾਵਜੂਦ ਵੀ ਰੇਹੜੀ-ਫੜ੍ਹੀ ਵਾਲੇ ਕਰਕੇ ਬੈਠੇ ਨੇ ਬਾਜ਼ਾਰਾਂ ‘ਦੇ ਵਿੱਚ ਕਬਜ਼ਾ

Rajpura's street vendor market has become a 'parking ground' and 'den of filth' due to the administration's negligence: Even after a month, street vendors are occupying the markets.

ਰਾਜਪੁਰਾ,25 ਨਵੰਬਰ (ਐਚ.ਐਚ.ਸੇਤੀਆ):ਹਲਕਾ ਰਾਜਪੁਰਾ ਦੀ ਵੱਧ ਰਹੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਵਿਧਾਇਕਾ ਮੈਡਮ ਨੀਨਾ ਮਿੱਤਲ ਵੱਲੋਂ ਪਿਛਲੇ ਮਹੀਨੇ ਉਦਘਾਟਨ ਕੀਤੀ ਗਈ ਸਟਰੀਟ ਵੈਂਡਰ ਮਾਰਕੀਟ, ਆਪਣਾ ਮਕਸਦ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਕਰੀਬ 130 ਰੇਹੜੀ-ਫੜ੍ਹੀ ਵਾਲਿਆਂ ਨੂੰ ਥਾਂ ਅਲਾਟ ਕੀਤੇ ਜਾਣ ਦੇ ਬਾਵਜੂਦ, ਉਹ ਅੱਜ ਵੀ ਸ਼ਹਿਰ ਦੇ ਬਾਜ਼ਾਰਾਂ ਵਿੱਚ ਹੀ ਕੰਮ ਕਰ ਰਹੇ ਹਨ, ਜਿਸ ਕਾਰਨ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਜਦੋਂ ਪਤਰਕਾਰ ਮੌਕੇ ‘ਤੇ ਪਹੁੰਚੇ ‘ਤੇ ਸਾਹਮਣੇ ਆਇਆ ਕਿ ਸਟਰੀਟ ਵੈਂਡਰ ਮਾਰਕੀਟ ਦੇ ਹਾਲਾਤ ਬੇਹੱਦ ਮਾੜੇ ਹਨ। ਜਿੱਥੇ ਵੈਂਡਰਾਂ ਨੇ ਸ਼ਿਫਟ ਹੋਣਾ ਸੀ, ਉੱਥੇ ਲੋਕਾਂ ਨੇ ਸ਼ੈੱਡਾਂ ਹੇਠਾਂ ਆਪਣੀਆਂ ਗੱਡੀਆਂ ਪਾਰਕ ਕੀਤੀਆਂ ਹੋਈਆਂ ਸਨ। ਆਸ-ਪੜੋਸ ਦੇ ਆਟੋ ਮਕੈਨਿਕਸ ਨੇ ਤਾਂ ਇਸ ਜਗ੍ਹਾ ਨੂੰ ਰਿਪੇਅਰ ਸਥਾਨ ਹੀ ਬਣਾ ਲਿਆ ਹੈ, ਜਿੱਥੇ ਉਹ ਗੱਡੀਆਂ ਅਤੇ ਆਟੋ ਖੜ੍ਹੇ ਕਰਕੇ ਕੰਮ ਕਰ ਰਹੇ ਸਨ। ਇਸ ਮੌਕੇ ਪੱਤਰਕਾਰਾਂ ਨੂੰ ਦੇਖ ਕੇ ਕਈ ਮਕੈਨਿਕ ਆਪਣੇ ਆਟੋ ਲੈ ਕੇ ਭੱਜਦੇ ਵੀ ਨਜ਼ਰ ਆਏ। ਇਸ ਗੰਦਗੀ ਦੇ ਢੇਰ ਅਤੇ ਪਬਲਿਕ ਟਾਇਲਟ ਦਾ ਵੀ ਬੁਰਾ ਹਾਲ ਸੀ ਇਸ ਮਾਰਕੀਟ ਵਿੱਚ ਜਗ੍ਹਾ-ਜਗ੍ਹਾ ਗੰਦਗੀ ਫੈਲੀ ਹੋਈ ਹੈ, ਅਤੇ ਹਰ ਪਾਸੇ ਤੰਬਾਕੂ ਅਤੇ ਬੀੜੀ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਇਹ ਥਾਂ ਹੁਣ ਪਾਰਕਿੰਗ ਦੇ ਨਾਲ-ਨਾਲ ਨਸ਼ੇੜੀਆਂ ਦਾ ਅੱਡਾ ਵੀ ਬਣ ਰਹੀ ਹੈ। ਇਸ ਮੌਕੇ ‘ਤੇ ਮੌਜੂਦ ਮਕੈਨਿਕਾਂ ਨੇ ਦੱਸਿਆ ਕਿ ਜਦੋਂ ਤੋਂ ਮਾਰਕੀਟ ਅਲਾਟ ਹੋਈ ਹੈ, ਕੋਈ ਵੀ ਰੇਹੜੀ-ਫੜ੍ਹੀ ਵਾਲਾ ਇੱਥੇ ਨਹੀਂ ਆਇਆ ਅਤੇ ਨਾ ਹੀ ਨਗਰ ਕੌਂਸਲ ਦਾ ਕੋਈ ਅਧਿਕਾਰੀ ਉਨ੍ਹਾਂ ਨੂੰ ਇੱਥੋਂ ਹਟਾਉਣ ਲਈ ਆਇਆ ਹੈ। ਜ਼ਿਕਰਯੋਗ ਹੈ ਕਿ ਇੱਥੇ ਮੌਜੂਦ ਪਬਲਿਕ ਟਾਇਲਟ ਦਾ ਹਾਲ ਤਾਂ ਹੋਰ ਵੀ ਬੁਰਾ ਹੈ। ਉੱਥੇ ਨਾ ਤਾਂ ਸਫ਼ਾਈ ਹੁੰਦੀ ਹੈ ਅਤੇ ਨਾ ਹੀ ਟਾਇਲਟ ਨੂੰ ਖੋਲ੍ਹਣ-ਬੰਦ ਕਰਨ ਦੀ ਕੋਈ ਜ਼ਿੰਮੇਵਾਰੀ ਲੈਂਦਾ ਹੈ, ਜਿਸ ਕਾਰਨ ਆਮ ਵਿਅਕਤੀ ਦਾ ਉੱਥੇ ਖੜ੍ਹਨਾ ਵੀ ਮੁਸ਼ਕਲ ਹੈ। ਇਸ ਗੰਭੀਰ ਮਾਮਲੇ ‘ਤੇ ਜਦੋਂ ਰਾਜਪੁਰਾ ਦੇ ਕਾਰਜ ਸਾਧਕ ਅਫਸਰ ਅਵਤਾਰ ਚੰਦ ਸੇਖਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਨਾ ਤਾਂ ਫੋਨ ਚੁੱਕਿਆ ਅਤੇ ਨਾ ਹੀ ਉਹ ਆਪਣੇ ਦਫਤਰ ਵਿੱਚ ਮੌਜੂਦ ਸਨ। ਪ੍ਰਸ਼ਾਸਨ ਦੀ ਇਸ ਅਣਗਹਿਲੀ ਤੋਂ ਬਾਅਦ ਇਹ ਦੇਖਣਾ ਹੋਵੇਗਾ ਕਿ ਰਾਜਪੁਰਾ ਪ੍ਰਸ਼ਾਸਨ ਕਦੋਂ ਜਾਗਦਾ ਹੈ ਅਤੇ ਇਸ ਨਵੀਂ ਮਾਰਕੀਟ ਨੂੰ ਇਸ ਦੀ ਅਸਲ ਵਰਤੋਂ ਵਿੱਚ ਲਿਆਉਣ ਲਈ ਕਦੋਂ ਕੋਈ ਠੋਸ ਕਾਰਵਾਈ ਕਰਦਾ ਹੈ।

Leave a Reply

Your email address will not be published. Required fields are marked *