ਖੂਨਦਾਨ ਜਿੰਦਗੀ ਬਚਾਉਣ ਦਾ ਵਿਲੱਖਣ ਅਹਿਸਾਸ ਅਤੇ ਮਾਨਸਿਕ ਤਸੱਲੀ ਕਰਵਾਉਂਦਾ ਹੈ:ਵਿਧਾਇਕਾ ਨੀਨਾ ਮਿੱਤਲ

ਰਾਜਪੁਰਾ,18 ਅਗਸਤ(ਹਿਮਾਂਸ਼ੂ ਹੈਰੀ):ਨਿਊ ਗ੍ਰੇਨ ਵੈਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਦੀ ਅਗਵਾਈ ਹੇਠ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਚੰਡੀਗੜ੍ਹ ਸੈਕਟਰ 32 ਦੀ ਮਾਹਿਰ ਟੀਮ ਨੇ ਪੂਰੀ ਤਰ੍ਹਾਂ ਚੈੱਕਿੰਗ ਕਰਕੇ 180 ਯੂਨਿਟ ਖ਼ੂਨ ਇਕੱਤਰ ਕੀਤਾ। ਕੈਂਪ ਦੇ ਸੁਚਾਰੂ ਪ੍ਰਬੰਧ ਵਿੱਚ ਨਿਸ਼ਕਾਮ ਸੇਵਾ ਸੁਸਾਇਟੀ ਅਤੇ ਰੋਟਰੀ ਕਲੱਬ ਨੇ ਵੀ ਵਧ-ਚੜ੍ਹ ਕੇ ਸੇਵਾ ਨਿਭਾਈ।ਇਸ ਖੂਨਦਾਨ ਕੈਂਪ ਵਿੱਚ ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਆੜਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਹਾਜ਼ਰੀ ਭਰੀ।ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ। ਇਹ ਉਹ ਦਾਨ ਹੈ ਜੋ ਨਾ ਸਿਰਫ਼ ਕਿਸੇ ਅਨਜਾਣ ਜਾਂ ਆਪਣੇ ਦੀ ਜਾਨ ਬਚਾਉਣ ਦਾ ਵਿਲੱਖਣ ਅਹਿਸਾਸ ਦਿੰਦਾ ਹੈ, ਸਗੋਂ ਮਨ ਨੂੰ ਵੀ ਮਾਨਸਿਕ ਤਸੱਲੀ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਖੂਨ ਕਿਸੇ ਵੀ ਫੈਕਟਰੀ ਵਿੱਚ ਨਹੀਂ ਬਣਦਾ, ਸਗੋਂ ਮਨੁੱਖ ਹੀ ਇਸਦੀ ਪੂਰਤੀ ਕਰਦਾ ਹੈ। ਇਸ ਲਈ ਖੂਨਦਾਨ ਦੇ ਰਾਹੀਂ ਹੀ ਅਸੀਂ ਮਨੁੱਖਤਾ ਪ੍ਰਤੀ ਆਪਣਾ ਫਰਜ਼ ਅਦਾ ਕਰ ਸਕਦੇ ਹਾਂ।ਉਨ੍ਹਾਂ ਨੇ ਹੋਰ ਵੀ ਕਿਹਾ ਕਿ ਸਭ ਦੇ ਖੂਨ ਦਾ ਰੰਗ ਇੱਕੋ ਜਿਹਾ ਹੁੰਦਾ ਹੈ। ਜਦੋਂ ਖੂਨ ਦੀ ਲੋੜ ਪੈਂਦੀ ਹੈ, ਤਦ ਕਿਸੇ ਦਾ ਧਰਮ, ਜਾਤ ਜਾਂ ਸਮਾਜਕ ਦਰਜਾ ਨਹੀਂ ਦੇਖਿਆ ਜਾਂਦਾ। ਖੂਨਦਾਨ ਦੇ ਰਾਹੀਂ ਅਸੀਂ ਇਨਸਾਨੀਅਤ ਦਾ ਅਸਲੀ ਪਾਠ ਸਿੱਖ ਸਕਦੇ ਹਾਂ ਅਤੇ ਇਹ ਸਾਨੂੰ ਵਾਹਿਗੁਰੂ ਦੇ ਹੋਰ ਨੇੜੇ ਲੈ ਕੇ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਲੋੜਵੰਦ ਨੂੰ ਸਹੀ ਸਮੇਂ ਤੇ ਖੂਨ ਮਿਲ ਜਾਂਦਾ ਹੈ ਤਾਂ ਉਹ ਕੀਮਤੀ ਜ਼ਿੰਦਗੀ ਬਚ ਸਕਦੀ ਹੈ।ਵਿਧਾਇਕਾ ਨੀਨਾ ਮਿੱਤਲ ਨੇ ਦੱਸਿਆ ਕਿ ਇਸ ਵੇਲੇ ਲੋੜਵੰਦ ਮਰੀਜ਼ਾਂ ਲਈ ਖੂਨ ਦੀ ਵੱਡੀ ਘਾਟ ਪਾਈ ਜਾਂਦੀ ਹੈ। ਇਸ ਕਾਰਨ ਹੀ ਵੱਖ-ਵੱਖ ਸੰਸਥਾਵਾਂ ਵੱਲੋਂ ਖੂਨਦਾਨ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਖੂਨਦਾਨ ਵਿੱਚ ਹਮੇਸ਼ਾ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਇਹ ਸਮਾਜਕ ਜ਼ਿੰਮੇਵਾਰੀ ਨਾਲ ਜੁੜਿਆ ਕਾਰਜ ਹੈ।ਉਨ੍ਹਾਂ ਨੇ ਦੱਸਿਆ ਕਿ ਖੂਨ ਦੀ ਲੋੜ ਹਰ ਸਮੇਂ, ਹਰ ਵਿਅਕਤੀ ਨੂੰ ਪੈ ਸਕਦੀ ਹੈ। ਗਰਭ ਅਵਸਥਾ ਦੌਰਾਨ, ਬੱਚੇ ਦੇ ਜਨਮ ਸਮੇਂ, ਮਲੇਰੀਆ ਜਾਂ ਕੁਪੋਸ਼ਣ ਕਾਰਨ ਅਨੀਮੀਆ ਨਾਲ ਪੀੜਤ ਬੱਚਿਆਂ ਲਈ, ਦੁਰਘਟਨਾ ਦੇ ਸਮੇਂ ਬਹੁਤ ਜ਼ਿਆਦਾ ਖੂਨ ਵਗਣ ਦੀ ਸਥਿਤੀ ਵਿੱਚ ਜਾਂ ਵੱਡੇ ਆਪ੍ਰੇਸ਼ਨ ਦੌਰਾਨ ਖੂਨ ਬਿਨਾਂ ਜੀਵਨ ਸੰਭਵ ਨਹੀਂ ਹੁੰਦਾ।ਇਸ ਮੌਕੇ ਦਵਿੰਦਰ ਸਿੰਘ ਬੈਦਵਾਨ ਨੇ ਕਿਹਾ ਕਿ ਸੁਸਾਇਟੀ ਵੱਲੋਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਜਿਕ ਕਾਰਜ ਕੀਤੇ ਜਾਣਗੇ। ਉਨ੍ਹਾਂ ਨੇ ਸਭ ਖੂਨਦਾਤਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਖੁੱਲ੍ਹੇ ਦਿਲ ਨਾਲ ਆਪਣਾ ਯੋਗਦਾਨ ਪਾਇਆ।ਇਸ ਮੌਕੇ ਰਾਜਿੰਦਰ ਨਿਰੰਕਾਰੀ,ਰਵੀ ਅਹੂਜਾ,ਸਚਿਨ ਮਿੱਤਲ,ਨਿਤਿਨ ਪਹੁੰਜਾ, ਸੰਜੀਵ ਗੋਇਲ,ਮੁਨੀਸ਼ ਜਿੰਦਲ,ਮਦਨ ਬੱਬਰ,ਹਰੀਸ਼ ਵਧਵਾ,ਸ਼ਰਨਜੀਤ ਸਿੰਘ ਬੈਦਵਾਨ,ਹਰੀਸ਼ ਨਰੂਲਾ,ਦਿਨੇਸ਼ ਸਚਦੇਵਾ ਸਮੇਤ ਸਮਹੁ ਆੜਤੀ ਮੌਜੂਦ ਸਨ।