A farmer from nearby village Kharola was forced to make rounds of offices to seek compensation for his damaged paddy crop.

ਰਾਜਪੁਰਾ,04 ਨਵੰਬਰ (ਹਿਮਾਂਸ਼ੂ ਹੈਰੀ): ਰਾਜਪੁਰਾ ਨੇੜਲੇ ਪਿੰਡ ਖਰੋਲਾ ਦੇ ਕਿਸਾਨ ਵੱਲੋਂ ਪੀਆਰ 131 ਕਿਸਮ ਦੇ ਝੋਨੇ ਦਾ ਬੀਜ ਬੀਜਣ ਤੋਂ ਬਾਅਦ ਲਗਾਏ ਗਏ ਝੋਨੇ ਦੀ ਫਸਲ ਖਰਾਬ ਹੋਣ ਕਾਰਨ ਖੇਤ ਨੂੰ ਵਾਹੁਣ ਲਈ ਮਜਬੂਰ ਹੋਣ ਉਪਰੰਤ ਡਿਪਟੀ ਕਮਿਸ਼ਨਰ ਪਟਿਆਲਾ, ਐਸਡੀਐਮ ਰਾਜਪੁਰਾ, ਬਲਾਕ ਖੇਤੀਬਾੜੀ ਅਫਸਰ ਸਮੇਤ ਹੋਰਨਾ ਅਫਸਰਾਂ ਨੂੰ ਘਟੀਆ ਬੀਜ ਵਿਕਰੇਤਾ ਦੇ ਖਿਲਾਫ ਬਣਦੀ ਕਾਰਵਾਈ ਕਰਨ ਅਤੇ ਖਰਾਬ ਹੋਈ ਫਸਲ ਦਾ ਬਣਦਾ ਮੁਆਵਜ਼ਾ ਲੈਣ ਦੇ ਲਈ ਕੀਤੇ ਗਏ ਪੱਤਰ ਵਿਹਾਰ ਤੋਂ ਬਾਅਦ ਪੀੜਤ ਕਿਸਾਨ ਦੇ ਹੱਥ ਇੱਕ ਧੇਲਾ ਵੀ ਨਹੀਂ ਲੱਗਿਆ। ਜਿਸ ਦੇ ਲਈ ਕਿਸਾਨ ਵੱਲੋਂ ਕੀਤੀ ਗਈ ਸ਼ਿਕਾਇਤ ਦਾ ਹੱਲ ਨਾਂ ਹੋਣ ਕਾਰਨ ਉਹ ਦਫਤਰਾਂ ਦੇ ਧੱਕੇ ਖਾਣ ਦੇ ਲਈ ਮੌਜੂਦ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਖਰੋਲਾ ਦੇ ਵਸਨੀਕ ਕਿਸਾਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਸ ਨੇ ਨਿਊਪ੍ਰੀਤ ਖੇਤੀ ਸੈਂਟਰ ਬਨੂੜ ਤੋਂ ਮਈ 2025 ਵਿੱਚ ਝੋਨੇ ਦੀ ਪੀਆਰ 131 ਕਿਸਮ ਦਾ ਬੀਜ ਖਰੀਦਿਆ ਸੀ। ਪਰ ਬੀਜ ਤੋਂ ਤਿਆਰ ਕੀਤੀ ਗਈ ਪਨੀਰੀ ਤੋਂ ਬਾਅਦ ਲਗਾਏ ਗਏ ਝੋਨੇ ਦੀ ਫਸਲ ਖਰਾਬ ਹੋ ਗਈ। ਜਿਸ ਦੇ ਚਲਦਿਆਂ ਉਹਨਾਂ ਵੱਲੋਂ ਬਲਾਕ ਖੇਤੀਬਾੜੀ ਅਫਸਰ ਰਾਜਪੁਰਾ ਸਮੇਤ ਹੋਰਨਾ ਅਧਿਕਾਰੀਆਂ ਨੂੰ ਖੇਤਾਂ ਵਿੱਚ ਖਰਾਬ ਹੋਈ ਖੜੀ ਫਸਲ ਦਾ ਦੋਰਾ ਕਰਕੇ ਬਣਦਾ ਮੁਆਵਜ਼ਾ ਦੇਣ ਦੀ ਗੁਹਾਰ ਲਗਾਈ ਸੀ। ਜਿਸ ਤੋਂ ਬਾਅਦ ਖੇਤੀਬਾੜੀ ਵਿਭਾਗ ਦੇ ਇੰਸਪੈਕਟਰ ਅਵਤਾਰ ਸਿੰਘ ਅਤੇ ਸੰਜੀਵ ਕੁਮਾਰ ਵੱਲੋਂ ਉਸ ਦੀ ਖਰਾਬ ਹੋਈ ਝੋਨੇ ਦੀ ਫਸਲ ਦਾ ਜਾਇਜ਼ਾ ਲਿਆ ਗਿਆ ਅਤੇ ਉਹਨਾਂ ਵੱਲੋਂ ਝੋਨੇ ਦੀ ਫਸਲ ਦਾ ਸੈਂਪਲ ਲੈ ਕੇ ਕੇ.ਵੀ.ਕੇ ਰੋਣੀ ਪਟਿਆਲਾ ਵਿਖੇ ਭੇਜਣ ਦੀ ਗੱਲ ਆਖੀ। ਰਿਪੋਰਟ ਮੁਤਾਬਿਕ ਝੋਨੇ ਦੇ ਮਧਰੇ ਬੂਟਿਆਂ ਵਿੱਚ ਕੁਝ ਰੋਗ ਦੀਆਂ ਨਿਸ਼ਾਨੀਆਂ ਦੱਸੀਆਂ ਗਈਆਂ। ਜਦੋਂ ਕਿਸਾਨ ਵੱਲੋਂ ਭੇਜੀਆਂ ਗਈਆਂ ਸ਼ਿਕਾਇਤਾਂ ਦਾ ਕੋਈ ਵੀ ਨਿਪਟਾਰਾ ਨਾ ਹੋਇਆ ਤਾਂ ਉਹਨਾਂ ਵੱਲੋਂ ਐਸ.ਡੀ.ਐਮ ਰਾਜਪੁਰਾ ਨੂੰ ਅਗਸਤ 2025 ਨੂੰ ਇੱਕ ਯਾਦ ਪੱਤਰ ਭੇਜਿਆ ਗਿਆ। ਪਰ ਅੱਜ ਕਰੀਬ ਢਾਈ ਮਹੀਨੇ ਬੀਤਣ ਤੋਂ ਬਾਅਦ ਵੀ ਪੀੜਤ ਕਿਸਾਨ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ। ਕਿਸਾਨ ਮੁਤਾਬਿਕ ਨਿਊਪ੍ਰੀਤ ਖੇਤੀ ਸੈਂਟਰ ਦੇ ਮਾਲਿਕ ਦਾ ਕਹਿਣਾ ਹੈ ਕਿ ਪੀਆਰ 131 ਬੀਜ ਦੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪੂਰੇ ਪੰਜਾਬ ਵਿੱਚ ਵਾਇਰਸ ਨਾਲ ਖਰਾਬ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਇਸ ਬਾਰੇ ਸਾਡੀ ਕੋਈ ਜਿੰਮੇਵਾਰੀ ਨਹੀਂ ਹੈ। ਪੀੜਤ ਕਿਸਾਨ ਨੇ ਕਿਹਾ ਕਿ ਜੇਕਰ ਉਸ ਨੂੰ ਖਰਾਬ ਹੋਈ ਫਸਲ ਦਾ ਬਣਦਾ ਮੁਆਵਜ਼ਾ ਅਤੇ ਘਟੀਆ ਬੀਜ ਵਿਕਰਤਾ ਦੇ ਖਿਲਾਫ ਸੀਨੀਅਰ ਅਧਿਕਾਰੀਆਂ ਵੱਲੋਂ ਕਾਰਵਾਈ ਨਾ ਕਰਕੇ ਬਣਦਾ ਇਨਸਾਫ ਨਾ ਦਿੱਤਾ ਗਿਆ ਤਾਂ ਉਹ ਕੇਂਦਰੀ ਖੇਤੀ ਮੰਤਰੀ ਤੋਂ ਇਲਾਵਾ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।ਇਸ ਸਬੰਧੀ ਜਦੋਂ ਨਿਊ ਪ੍ਰੀਤ ਖੇਤੀ ਸੈਂਟਰ ਦੇ ਮਾਲਕ ਅਵਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਪੀੜਤ ਕਿਸਾਨ ਨੂੰ ਪਹਿਚਾਨਣ ਤੋਂ ਵੀ ਨਾਹ ਕਰ ਦਿੱਤੀ ਅਤੇ ਕਿਹਾ ਕਿ ਉਹ ਆਪਣਾ ਸਪਸ਼ਟੀਕਰਨ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਦੇ ਚੁੱਕੇ ਹਨ। ਇਸ ਸਬੰਧੀ ਬਲਾਕ ਖੇਤੀਬਾੜੀ ਅਫਸਰ ਰਾਜਪੁਰਾ ਜਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੀੜਤ ਕਿਸਾਨ ਗੁਰਦਿਆਲ ਸਿੰਘ ਦੀ ਡੇਢ ਏਕੜ ਖਰਾਬ ਹੋਈ ਝੋਨੇ ਦੀ ਫਸਲ ਦੇ ਜਾਂਚ ਦੇ ਲਈ ਭੇਜੇ ਗਏ ਸੈਂਪਲ ਸਬੰਧੀ ਜਿਹੜੀ ਵੀ ਰਿਪੋਰਟ ਆਈ ਸੀ ਉਹਨਾਂ ਨੂੰ ਸੌਂਪ ਦਿੱਤੀ ਗਈ ਹੈ। ਇਸ ਸਬੰਧਤ ਬੀਜ ਵਿਕਰੇਤਾ ਦੀ ਦੁਕਾਨ ਉਹਨਾਂ ਦੇ ਅਧਿਕਾਰਤ ਖੇਤਰ ਵਿੱਚ ਨਾ ਆਉਣ ਕਾਰਨ ਮੁੱਖ ਖੇਤੀਬਾੜੀ ਅਫਸਰ ਜ਼ਿਲਾ ਪਟਿਆਲਾ ਨੂੰ ਅਗਲੇਰੀ ਕਾਰਵਾਈ ਹਿੱਤ ਪੱਤਰ ਵਿਹਾਰ ਕੀਤਾ ਜਾ ਚੁੱਕਿਆ ਹੈ।ਇਸ ਸਬੰਧੀ ਐਸਡੀਐਮ ਰਾਜਪੁਰਾ ਅਵਿਕੇਸ਼ ਗੁਪਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਖਰੋਲਾ ਏਰੀਆ ਸਣੇ ਜਿਹੜੇ ਵੀ ਪਿੰਡਾਂ ਦੇ ਵਿੱਚ ਕਿਸਾਨਾਂ ਦੀ ਚਾਈਨਾ ਵਾਰਸ ਜਾਂ ਕਿਸੇ ਹੋਰ ਬਿਮਾਰੀ ਕਾਰਨ ਫਸਲ ਖਰਾਬ ਹੋਈ ਹੈ ਦਾ ਰਿਕਾਰਡ ਪੰਜਾਬ ਸਰਕਾਰ ਨੂੰ ਭੇਜਿਆ ਜਾ ਚੁੱਕਿਆ ਹੈ ਤਾਂ ਜੋ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਵਾਇਆ ਜਾ ਸਕੇ। ਉਹਨਾਂ ਕਿਹਾ ਕਿ ਕਿਸਾਨ ਗੁਰਦਿਆਲ ਸਿੰਘ ਦੀ ਖਰਾਬ ਹੋਈ ਫਸਲ ਸਬੰਧੀ ਵੀ ਜਾਂਚ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ।
ਫੋਟੋ ਕੈਪਸ਼ਨ ਕਿਸਾਨ ਗੁਰਦਿਆਲ ਸਿੰਘ ਵੱਖ ਵੱਖ ਅਧਿਕਾਰੀਆਂ ਨੂੰ ਭੇਜੇ ਗਏ ਪੱਤਰਾਂ ਦੀਆਂ ਕਾਪੀਆਂ ਦਿਖਾਉਂਦਾ ਹੋਇਆ।